ਭਾਸ਼ਾ ਵਿਭਾਗ ਨੇ ਸਜਾਈ ‘ਮਹਿਫ਼ਲ-ਏ-ਕੱਵਾਲੀ’
ਪੱਤਰ ਪ੍ਰੇਰਕ
ਪਟਿਆਲਾ, 8 ਮਾਰਚ
ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ੇਰਾਂ ਵਾਲਾ ਗੇਟ ਵਿੱਚ ਸਥਿਤ ਮੁੱਖ ਦਫ਼ਤਰ ਦੇ ਓਪਨ ਏਅਰ ਥੀਏਟਰ ’ਚ ਮਹਿਫ਼ਲ-ਏ-ਕੱਵਾਲੀ ਸਜਾਈ ਗਈ। ਸਕੱਤਰ (ਉਚੇਰੀ ਸਿੱਖਿਆ ਤੇ ਭਾਸ਼ਾਵਾਂ) ਕਮਲ ਕਿਸ਼ੋਰ ਯਾਦਵ ਦੇ ਨਿਰਦੇਸ਼ਾਂ ਤਹਿਤ ਭਾਸ਼ਾ ਵਿਭਾਗ ਦੀ ਨਿਰਦੇਸ਼ਕ ਹਰਪ੍ਰੀਤ ਕੌਰ ਦੀ ਅਗਵਾਈ ’ਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੱਵਾਲ ਨੀਲੇ ਖ਼ਾਨ ਨੇ ਪੰਡਾਲ ’ਚ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਨਾਸ਼ਿਰ ਨਕਵੀ ਨੇ ਕੀਤੀ ਅਤੇ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਰੁਬੀਨਾ ਸ਼ਬਨਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਮੇਜ਼ਬਾਨ ਵਿਭਾਗ ਦੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਖੁਸ਼ਆਮਦੀਦ ਕਿਹਾ ਅਤੇ ਦੱਸਿਆ ਕਿ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ਹੈ ਉੱਥੇ ਹਿੰਦੀ ਤੇ ਉਰਦੂ ਦੇ ਸਤਿਕਾਰ ਲਈ ਵੀ ਵਚਨਬੱਧ ਹੈ। ਇਸ ਤਹਿਤ ਮਹਿਫ਼ਲ-ਏ-ਕੱਵਾਲੀ ਸਜਾਈ ਗਈ ਹੈ। ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਨਾਸ਼ਿਰ ਨਕਵੀ ਨੇ ਕਿਹਾ ਕਿ ਕੱਵਾਲੀ ਦੀ ਗਾਇਨ ਸ਼ੈਲੀ ਦੀ ਮੁਹਾਰਤ ਮਿਹਨਤ, ਵਧੀਆ ਸਿਖਲਾਈ ਤੇ ਜਜ਼ਬੇ ਨਾਲ ਹਾਸਲ ਕੀਤੀ ਜਾਂਦੀ ਹੈ।
ਡਾ. ਰੁਬੀਨਾ ਸ਼ਬਨਮ ਨੇ ਕਿਹਾ ਕਿ ਉਰਦੂ ਜ਼ੁਬਾਨ ਦੇ ਸਾਹਿਤਕਾਰਾਂ ਨੂੰ ਵੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਮਾਂਤਰ ਸਤਿਕਾਰ ਦੇਣਾ ਬਹੁਤ ਸ਼ਲਾਘਾਯੋਗ ਕਦਮ ਹੈ। ਮਹਿਫ਼ਲ ਏ ਕੱਵਾਲੀ ਦੌਰਾਨ ਕੱਵਾਲ ਨੀਲੇ ਖ਼ਾਨ ਨੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਸਮਾਗਮ ਦੇ ਆਯੋਜਕ ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ ਨੇ ਸਭ ਦਾ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨਾਂ ਤੇ ਗਾਇਕ ਨੀਲੇ ਖ਼ਾਨ ਦਾ ਭਾਸ਼ਾ ਵਿਭਾਗ ਦੀ ਤਰਫ਼ੋਂ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ।