ਪੰਜਾਬੀ ’ਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਨੇ ਗੋਲਡਨ ਜੁਬਲੀ ਮਨਾਈ
ਖੇਤਰੀ ਪ੍ਰਤੀਨਿਧ
ਪਟਿਆਲਾ, 24 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਵੱਲੋਂ ਅੱਜ ਵਿਭਾਗ ਦੇ ਮੁਖੀ ਪ੍ਰੋ. ਮੁਕੇਸ਼ ਠਾਕੁਰ ਦੀ ਅਗਵਾਈ ਹੇਠਾਂ ਆਪਣੀ ਗੋਲਡਨ ਜੁਬਲੀ ਮਨਾਈ। 1974 ਵਿੱਚ ਸਥਾਪਤ ਹੋਇਆ ਇਹ ਭਾਰਤ ਦਾ ਦੂਜਾ ਸਭ ਤੋਂ ਪੁਰਾਣਾ ਜਦਕਿ ਉੱਤਰੀ ਭਾਰਤ ਦਾ ਪਹਿਲਾ ਸਭ ਤੋਂ ਪੁਰਾਣਾ ਫੋਰੈਂਸਿਕ ਸਾਇੰਸ ਵਿਭਾਗ ਹੈ, ਜਿਸ ਦੀ ਸਥਾਪਨਾ ’ਚ ਅਹਿਮ ਯੋਗਦਾਨ ਪਾਉਣ ਵਾਲ਼ੇ ਚਾਰ ਅਧਿਆਪਕਾਂ ਨੂੰ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਫੋਰੈਂਸਿਕ ਸਾਇੰਸ ਦਾ ਵਿਸ਼ਾ ਦੁਨੀਆ ਭਰ ’ਚ ਬਹੁਤ ਹੀ ਅਹਿਮੀਅਤ ਰੱਖਦਾ ਹੈ ਜੋ ਨਿਆਂ ਦੇ ਖੇਤਰ ਵਿੱਚ ਵਿਗਿਆਨਿਕ ਤੱਥਾਂ ਦੇ ਸਹਾਰੇ ਪੜਚੋਲ ਕਰ ਕੇ ਸੱਚ ਨੂੰ ਸਾਹਮਣੇ ਲਿਆਉਣ ਵਿੱਚ ਵੀ ਮਦਦਗਾਰ ਬਣਦਾ ਹੈ। ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਵਿਭਾਗ ਮੁਖੀ ਪ੍ਰੋ. ਮੁਕੇਸ਼ ਠਾਕੁਰ ਨੇ ਦੱਸਿਆ ਕਿ ਵਿਭਾਗ ਦੇ ਤਕਰੀਬਨ 100 ਫੀਸਦੀ ਵਿਦਿਆਰਥੀ ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਹਨ। ਇਸ ਵਿਭਾਗ ਦੇ ਵਿਦਿਆਰਥੀ ਭਾਰਤ ਅਤੇ ਵਿਦੇਸ਼ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ’ਤੇ ਕਾਰਜ ਕਰਦਿਆਂ ਆਪਣਾ ਨਾਮ ਬਣਾ ਚੁੱਕੇ ਹਨ।
ਇਸ ਮੌਕੇ ਵਿਭਾਗ ਦੇ ਸਥਾਪਨਾ ਸਮੇਂ ਤੋਂ ਲੈ ਕੇ ਹੁਣ ਤੱਕ ਵਿਭਾਗ ਨੂੰ ਅਹਿਮ ਯੋਗਦਾਨ ਦੇਣ ਵਾਲੇ ਚਾਰ ਅਧਿਆਪਕਾਂ ਪਹਿਲੇ ਮੁਖੀ ਪ੍ਰੋ. ਪੀਕੇ ਚੱਟੋਪਾਧਿਆਏ, ਪ੍ਰੋ. ਆਰਕੇ ਗਰਗ, ਪ੍ਰੋ. ਓਪੀ ਜਸੂਜਾ ਅਤੇ ਪ੍ਰੋ. ਰਾਕੇਸ਼ ਮੋਹਨ ਸ਼ਰਮਾ ਨੂੰ ਸਨਮਾਨਿਆ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੋਮਲ ਸੈਣੀ ਅਤੇ ਪ੍ਰੋ. ਰਾਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਭਾਗ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਕਲਾਤਮਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।