ਦੰਦਾਂ ਦੇ ਮਸਲੇ
ਅਰਤਿੰਦਰ ਸੰਧੂ
ਦੰਦਾਂ ਬਾਰੇ ਗੱਲ ਸ਼ੁਰੂ ਕਰਦਿਆਂ ਦੰਦਾਂ ਦੇ ਡਾਕਟਰ ਬਾਰੇ ਨਾਟਕ ਡਾਕਟਰ ਪਲਟਾ ਚੇਤੇ ਆ ਰਿਹਾ ਹੈ। ਇਸ ਨਾਟਕ ਵਿੱਚ ਮਰੀਜ਼ ਉਡੀਕਦਿਆਂ ਪਤਨੀ ਦੇ ਮਿਹਣੇ ਸੁਣਦੇ ਡਾਕਟਰ ਦੀ ਬੇਬੱਸੀ ਉਸ ਨੂੰ ਹਾਸੋਹੀਣੀ ਸਥਿਤੀ ਵਿੱਚ ਉਤਾਰ ਦਿੰਦੀ ਹੈ ਜਦੋਂ ਡਾਕਟਰ ਕਿਸੇ ਆਉਣ ਵਾਲੇ ਨੂੰ ਮਰੀਜ਼ ਸਮਝ ਕੇ ਉਸ ਦੀ ਗੱਲ ਨਹੀਂ ਸੁਣਦਾ। ਉਹ ਫੋਨ ਕੰਨ ਨੂੰ ਲਾ ਕੇ ਕਥਿਤ ਮਰੀਜ਼ਾਂ ਨਾਲ ਗੱਲਾਂ ਕਰਦਾ ਰਹਿੰਦਾ ਹੈ ਤੇ ਆਉਣ ਵਾਲੇ ’ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ ਕਿ ਮੈਂ ਬਹੁਤ ਰੁੱਝਿਆ ਹੋਇਆ ਹਾਂ। ਫਿਰ ਆਪਣੇ ਆਪ ਹੀ ਕਾਫ਼ੀ ਸਾਰੀਆਂ ਗੱਲਾਂ ਕਰਨ ਪਿੱਛੋਂ ਵਿਹਲਾ ਹੋ ਕੇ ਉਸ ਨੂੰ ਪੁੱਛਦਾ ਹੈ ਕਿ ਹੁਣ ਤੁਸੀਂ ਦੱਸੋ ਕੀ ਤਕਲੀਫ਼ ਹੈ। ਉਹ ਕਹਿੰਦਾ ਹੈ ਕਿ ਮੈਂ ਤਾਂ ਤੁਹਾਡੇ ਫੋਨ ਦਾ ਕਨੈਕਸ਼ਨ ਚਾਲੂ ਕਰਨ ਆਇਆ ਹਾਂ।
ਅੱਜਕੱਲ੍ਹ ਸਥਿਤੀ ਬਦਲ ਚੁੱਕੀ ਹੈ ਕਿਉਂਕਿ ਲੋਕ ਦੰਦਾਂ ਦੀਆਂ ਸਮੱਸਿਆਵਾਂ ਬਾਰੇ ਕਾਫ਼ੀ ਜਾਗਰੂਕ ਹਨ। ਇਸ ਕਰਕੇ ਦੰਦਾਂ ਦੇ ਡਾਕਟਰਾਂ ਦੀ ਚੰਗੀ ਕਦਰ ਹੈ। ਹੁਣ ਦੰਦਾਂ ਦੀ ਕਿਸੇ ਵੀ ਤਕਲੀਫ਼ ਦੇ ਇਲਾਜ ਵਾਸਤੇ ਦੰਦਾਂ ਦੇ ਡਾਕਟਰਾਂ ਕੋਲੋਂ ਪਹਿਲਾਂ ਸਮਾਂ ਲੈਣਾ ਪੈਂਦਾ ਹੈ। ਇਹ ਇਲਾਜ ਹੁੰਦਾ ਵੀ ਕਾਫ਼ੀ ਮਹਿੰਗਾ ਹੈ ਕਿਉਂਕਿ ਇਸ ਇਲਾਜ ਦਾ ਸਾਮਾਨ, ਰੱਖ ਰਖਾਅ ਤੇ ਇਲਾਜ ਦੇ ਉਪਕਰਣ ਵੀ ਬਹੁਤ ਮਹਿੰਗੇ ਹੁੰਦੇ ਹਨ। ਡਾਕਟਰ ਦੀ ਵੀ ਖਾਸੀ ਮਿਹਨਤ ਲੱਗਦੀ ਹੈ (ਜੇ ਡਾਕਟਰ ਜ਼ਹੀਨ ਤੇ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵੇ)। ਭਾਵੇਂ ਕਈ ਦਹਾਕਿਆਂ ਤੋਂ ਦੂਜੇ ਡਾਕਟਰਾਂ ਹਕੀਮਾਂ ਤੇ ਹੋਰ ਕਿੱਤਿਆਂ ਵਾਂਗ ਦੰਦਾਂ ਦੇ ਡਾਕਟਰਾਂ ਬਾਰੇ ਵੀ ਕਈ ਤਰ੍ਹਾਂ ਚੁਟਕਲੇ ਤੇ ਟੋਟਕੇ ਬਣੇ ਹੋਏ ਹਨ, ਪਰ ਅੱਜਕੱਲ੍ਹ ਦੰਦਾਂ ਦੇ ਸਿੱਖਿਅਤ ਡਾਕਟਰਾਂ ’ਤੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਕਿਉਂਕਿ ਇਸ ਤਕਲੀਫ਼ ਨੂੰ ਉਹ ਸੰਜੀਦਗੀ ਨਾਲ ਲੈਣ ਲੱਗੇ ਹਨ। ਡਾਕਟਰ ਵੀ ਤਕਨੀਕੀ ਤੌਰ ’ਤੇ ਸਿੱਖਿਅਤ ਤੇ ਕੰਮ ਦੇ ਮਾਹਿਰ ਹੁੰਦੇ ਹਨ। ਦੰਦਾਂ ਦੇ ਕਈ ਤਰ੍ਹਾਂ ਦੇ ਇਲਾਜ ਹੋਣ ਲੱਗੇ ਹਨ। ਹੁਣ ਦੰਦਾਂ ਦੀ ਬੀੜ੍ਹ ਦਾ ਆਕਾਰ ਤੱਕ ਸੁਧਾਰਿਆ ਜਾ ਸਕਦਾ ਹੈ, ਮੂੰਹ ਵਿਚਲੇ ਦੰਦਾਂ ਵਰਗੇ ਦੰਦ ਬਣਾਏ ਜਾਣ ਲੱਗੇ ਹਨ। ਦੰਦ ਦੀ ਜੜ੍ਹ ਦੇ ਮਹਿੰਗੇ ਇਲਾਜ (ਰੂਟ ਕੈਨਾਲ) ਤੋਂ ਬਿਨਾ ਹੋਰ ਵੀ ਅਨੇਕ ਤਰ੍ਹਾਂ ਦੇ ਇਲਾਜ ਹੋਣ ਲੱਗੇ ਹਨ।
ਦੰਦਾਂ ਦੇ ਡਾਕਟਰਾਂ ਦੀ ਬਾਹਰਲੇ, ਖ਼ਾਸਕਰ ਵਿਕਸਿਤ ਦੇਸ਼ਾਂ ਵਿੱਚ ਤਾਂ ਬਹੁਤ ਕਦਰ ਹੈ। ਭਾਰਤੀ ਡਾਕਟਰ ਵੀ ਉੱਧਰ ਜਾ ਕੇ ਚੰਗੀ ਕਮਾਈ ਕਰ ਲੈਂਦੇ ਹਨ। ਕਈ ਸਾਲ ਪਹਿਲਾਂ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਸੜਕ ਤੋਂ ਇੱਕ ਪੰਜਾਬੀ ਡਾਕਟਰ ਵੱਲੋਂ ਲਾਇਆ ਬੋਰਡ ਪੜ੍ਹਿਆ: Tooth Extraction- only 100 Dollars... ਯਾਨੀ ਇੱਕ ਦੰਦ ਕੱਢਣ ਦੀ ਫੀਸ ਸੌ ਡਾਲਰ। ਸ਼ਾਇਦ ਇਸ ਡਾਕਟਰ ਨੇ ਇਹ ਬੋਰਡ ਇਹ ਦੱਸਣ ਵਾਸਤੇ ਲਾਇਆ ਹੋਇਆ ਸੀ ਕਿ ਉਸ ਵੱਲੋਂ ਇਹ ਇਲਾਜ ਦੂਜਿਆਂ ਨਾਲੋਂ ਸਸਤਾ ਹੈ ਤੇ ਇਹ ਸਸਤਾ ਰੇਟ ਵੀ ਸਿਰਫ਼ ਇੱਕ ਦੰਦ ਪੁੱਟਣ ਦਾ ਹੀ ਸੀ। ਦਵਾਈਆਂ ਤੇ ਟੈਸਟ ਆਦਿ ਵੱਖਰੇ ਹੋਣਗੇ ਕਿਉਂਕਿ ਉੱਥੇ ਡਾਕਟਰ ਆਪਣੇ ਕੋਲੋਂ ਦਵਾਈ ਨਹੀਂ ਦਿੰਦੇ। ਮਹਿੰਗੇ ਇਲਾਜਾਂ ਕਾਰਨ ਲੋਕਾਂ ਨੂੰ ਲਗਾਤਾਰ ਆਪਣੀ ਸਿਹਤ ਦਾ ਬੀਮਾ ਕਰਵਾ ਕੇ ਰੱਖਣਾ ਪੈਂਦਾ ਹੈ। ਬੀਮੇ ਵੀ ਮਹਿੰਗੇ ਹਨ। ਉੱਥੇ ਦਵਾਈਆਂ ਤੇ ਬੀਮੇ ਦੀਆਂ ਕੰਪਨੀਆਂ ਵੱਡੇ ਕਾਰਪੋਰਟ ਹਨ ਤੇ ਇਨ੍ਹਾਂ ਦੇ ਆਪਸੀ ਜੋੜ ਕਾਰਨ ਲੋਕਾਂ ਨੂੰ ਇਲਾਜ ਬਹੁਤ ਮਹਿੰਗਾ ਮਿਲਦਾ ਹੈ।
ਸਾਡੇ ਦੇਸ਼ ਵਿੱਚ ਉਸ ਮੁਕਾਬਲੇ ਇਲਾਜ ਅੱਜ ਵੀ ਸਸਤਾ ਹੈ। ਦੰਦਾਂ ਬਾਰੇ ਫ਼ਿਕਰ ਵਾਲੀ ਸਥਿਤੀ ਖ਼ਾਸ ਕਰਕੇ ਪੰਜਾਬ ਵਿੱਚ ਸਾਡੇ ਦੇਖਦਿਆਂ ਦੇਖਦਿਆਂ ਕੁਝ ਦਹਾਕਿਆਂ ਵਿੱਚ ਹੀ ਬਹੁਤ ਬਦਲੀ ਹੈ। ਮੈਨੂੰ ਆਪਣੇ ਬਚਪਨ ਵਿਚਲੇ ਦੰਦਾਂ ਦੇ ਦੋ ਡਾਕਟਰਾਂ ਦਾ ਚੇਤਾ ਹੈ। ਇਨ੍ਹਾਂ ਦੋਵਾਂ ਦੀਆਂ ਦੁਕਾਨਾਂ ਤਰਨ ਤਾਰਨ ਦੇ ਅੱਡਾ ਬਜ਼ਾਰ ਵਿੱਚ ਸਨ। ਇੱਕ ਡਾ. ਤੇਜਾ ਸਿੰਘ ਤੇ ਦੂਜੇ ਦਾ ਨਾਮ ਸ਼ਾਇਦ ਡਾ. ਹਰਭਜਨ ਸਿੰਘ ਦੁਕਾਨ ਦੇ ਬਾਹਰ ਲੱਗੇ ਬੋਰਡ ’ਤੇ ਲਿਖਿਆ ਹੋਇਆ ਸੀ। ਦੋਵਾਂ ਦੀਆਂ ਦੁਕਾਨਾਂ ਅੰਦਰ ਇੱਕ ਮੇਜ਼ ਉੱਤੇ ਦੰਦਾਂ ਦੀ ਵੱਡੀ ਸਾਰੀ ਬੀੜ੍ਹ (ਤਕਰੀਬਨ ਇੱਕ ਫੁੱਟ ਜਾਂ ਸ਼ਾਇਦ ਕੁਝ ਵੱਡੀ) ਰੱਖੀ ਹੁੰਦੀ ਸੀ। ਇਹ ਵੱਡੇ ਆਕਾਰ ਦੇ ਦੰਦ ਇਹ ਦੱਸਣ ਵਾਸਤੇ ਰੱਖੇ ਹੁੰਦੇ ਸਨ ਕਿ ਅਨਪੜ੍ਹ ਲੋਕਾਂ ਨੂੰ ਵੀ ਪਤਾ ਲੱਗ ਜਾਏ ਇਹ ਦੰਦਾਂ ਦੇ ਡਾਕਟਰ ਦੀ ਦੁਕਾਨ ਹੈ। ਪਰ ਬਜ਼ਾਰ ਵਿੱਚੋਂ ਲੰਘਦਿਆਂ ਉੱਥੇ ਕੋਈ ਮਰੀਜ਼ ਕਦੇ ਘੱਟ ਹੀ ਨਜ਼ਰ ਆਇਆ ਸੀ। ਦੰਦ ਦਰਦ ਨੂੰ ਆਮ ਲੋਕ ਮੂੰਹ ਪੀੜ ਕਹਿੰਦੇ ਸਨ ਤੇ ਜਿਹੜਾ ਦੰਦ ਤਕਲੀਫ਼ ਦਿੰਦਾ ਹੁੰਦਾ ਉਸ ਨੂੰ ਕਢਾ ਤਾਂ ਉਹ ਦੂਜੇ ਡਾਕਟਰਾਂ ਤੋਂ ਵੀ ਲੈਂਦੇ ਸਨ। ਸ਼ਾਇਦ ਉਹ ਸੋਚਦੇ ਸਨ ਕਿ ਬੱਤੀਆਂ ਦੰਦਾਂ ਵਿੱਚੋਂ ਇੱਕ ਦੋ ਘਟ ਵੀ ਗਏ ਤਾਂ ਕੀ ਹੋ ਜਾਊ। ਅਜਿਹੇ ਵੇਲੇ ਪੰਜਾਬੀ ਦੇ ਮੁਹਾਵਰੇ ‘ਦੰਦ ਗਏ ਸੁਆਦ ਗਿਆ ਤੇ ਅੱਖਾਂ ਗਈਆਂ ਜਹਾਨ ਗਿਆ’ ਦਾ ਵੀ ਕੋਈ ਅਸਰ ਨਹੀਂ ਸੀ ਰਹਿੰਦਾ। ਇਸ ਕਰਕੇ ਲੋਕ ਦੰਦਾਂ ਦੀ ਤਕਲੀਫ਼ ਨੂੰ ਸੰਜੀਦਗੀ ਨਾਲ ਨਹੀਂ ਸਨ ਲੈਂਦੇ।
ਇੱਕ ਵਾਰ ਬਚਪਨ ਵਿੱਚ ਆਪਣੇ ਪਿੰਡ ਗਈ ਹੋਈ ਸੀ। ਮੇਰੀ ਇੱਕ ਚਾਚੀ ਪਿੰਡ ਦੇ ਡਾਕਟਰ ਕੋਲੋਂ ਬੁਖ਼ਾਰ ਦੀ ਦਵਾਈ ਲੈ ਕੇ ਆਈ ਸੀ। ਦੂਜੀ ਚਾਚੀ ਦੇ ਦੰਦ ਪੀੜ ਸ਼ੁਰੂ ਹੋ ਗਈ। ਉਹ ਬੁਖ਼ਾਰ ਵਾਲੀ ਚਾਚੀ ਨੂੰ ਕਹਿਣ ਲੱਗੀ, ‘‘ਮੇਰਾ ਮੂੰਹ ਪੀੜ ਹੁੰਦਾ ਏ, ਮੈਨੂੰ ਵੀ ਆਪਣੀ ਦਵਾਈ ਵਿੱਚੋਂ ਇੱਕ ਪੁੜੀ ਦੇ ਦੇ, ਹੈਗੀ ਤਾਂ ਦਵਾਈ ਹੀ ਐ ਨਾ!’’
ਬਹੁਤ ਦੇਰ ਦੰਦਾਂ ਦੇ ਦੇਸੀ ਡਾਕਟਰ ਲੋਕਾਂ ਦਾ ਇਲਾਜ ਕਰਦੇ ਰਹੇ ਹਨ। ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਰੇਲਵੇ ਸਟੇਸ਼ਨ ਵੱਲ ਜਾਂਦਿਆਂ ਖੱਬੇ ਹੱਥ ਕਾਫ਼ੀ ਦੁਕਾਨਾਂ ਇਨ੍ਹਾਂ ਕਥਿਤ ਡਾਕਟਰਾਂ ਉਰਫ਼ ਦੰਦਸਾਜ਼ਾਂ ਦੀਆਂ ਹੀ ਹੁੰਦੀਆਂ ਸਨ। ਇਹ ਦੰਦ ਕੱਢ ਵੀ ਦਿੰਦੇ ਤੇ ਪੱਥਰ ਦੇ ਦੰਦ ਲਾ ਵੀ ਦਿੰਦੇ ਸਨ। ਪਿੰਡਾਂ ਦੇ ਲੋਕ ਆਮ ਤੌਰ ’ਤੇ ਇੱਥੋਂ ਹੀ ਦੰਦਾਂ ਦਾ ਇਲਾਜ ਕਰਵਾਉਂਦੇ ਦੇਖੇ ਸਨ।
ਇੱਕ ਹੋਰ ਤਰੀਕੇ ਨਾਲ ਦੰਦਾਂ ਦਾ ਇਲਾਜ ਕਰਨ ਵਾਲਿਆਂ ਦਾ ਆਪਣੇ ਬਚਪਨ ਵਿੱਚ ਮਜ਼ੇਦਾਰ ਤੇ ਅੱਖੀਂ ਵੇਖਿਆ ਦ੍ਰਿਸ਼ ਮੈਨੂੰ ਅੱਜ ਵੀ ਯਾਦ ਹੈ। ਤਰਨ ਤਾਰਨ ਮੱਸਿਆ ਭਰਪੂਰ ਲੱਗਦੀ ਸੀ। ਸਾਡਾ ਘਰ ਅੰਮ੍ਰਿਤਸਰ ਨੂੰ ਜਾਂਦੀ ਸੜਕ ਉੱਤੇ ਦੂਜੀ ਮੰਜ਼ਿਲ ’ਤੇ ਸੀ। ਮੱਸਿਆ ਵਾਲੇ ਦਿਨ ਸਾਰੀ ਸੜਕ ਉੱਤੇ ਮਜਮੇ ਲੱਗ ਜਾਂਦੇ। ਕੋਈ ਤੰਬੂ ਵਿੱਚ, ਕੋਈ ਮੇਜ਼ ਉੱਤੇ ਤੇ ਕੋਈ ਜ਼ਮੀਨ ਉੱਤੇ ਹੀ। ਸਾਡੇ ਘਰ ਦੇ ਸਾਹਮਣੇ ਇੱਕ ਦਵਾਈਆਂ ਵਾਲਾ ਬੈਠ ਜਾਂਦਾ ਸੀ। ਮੈਂ ਉੱਪਰ ਬਾਰੀ ਵਿੱਚੋਂ ਵੇਖਦੀ ਰਹਿੰਦੀ। ਇੱਕ ਵਾਰ ਉਸ ਦੁਆਲੇ ਪੇਂਡੂ ਬੰਦਿਆਂ ਦਾ ਇਕੱਠ ਸੀ। ਉਸ ਨੇ ਪਹਿਲਾਂ ਸੁਰਮਾ ਵੇਚਿਆ ਤੇ ਫਿਰ ਦੰਦਾਂ ਦੀਆਂ ਦਵਾਈਆਂ ਦਾ ਪ੍ਰਚਾਰ ਕਰਨ ਲੱਗਾ। ਭੀੜ ਵਿੱਚੋਂ ਇੱਕ ਆਦਮੀ ਕਹਿਣ ਲੱਗਾ ਕਿ ਮੇਰੇ ਦੰਦ ਪੀੜ ਹੈ। ਉਸ ਮਜਮੇ ਵਾਲੇ ਨੇ ਉਂਗਲ ਨਾਲ ਉਸ ਦੇ ਮੂੰਹ ਵਿੱਚ ਕੋਈ ਦਵਾਈ ਜਿਹੀ ਲਾਈ ਤੇ ਉਂਗਲ ਬਾਹਰ ਕੱਢ ਕੇ ਦਿਖਾਉਣ ਲੱਗ ਪਿਆ। ਉਂਗਲ ਉੱਤੇ ਕਾਲੇ ਰੰਗ ਦਾ ਕਿੰਨਾ ਹੀ ਵੱਡਾ ਕਾਹਢਾ (ਕੀੜਾ) ਸੀ ਜਿਸ ਤਰ੍ਹਾਂ ਦੇ ਮੋਟੇ ਕੀੜੇ ਬਿਰਖਾਂ ’ਤੇ ਵੇਖੀਦੇ ਹਨ। ਉਹ ਕਹਿਣ ਲੱਗਾ, ‘‘ਆਹ ਵੇਖੋ ਦਵਾਈ ਨੇ ਇਕਦਮ ਕੀੜਾ ਕੱਢ ਕੇ ਬਾਹਰ ਮਾਰਿਆ ਇਹ ਤੇਰੇ ਦੰਦ ਨੂੰ ਖਾਣ ਡਿਹਾ ਸੀ।”
ਸੰਪਰਕ: 98153-02081