ਚਿੰਤਪੁਰਨੀ ਮੰਦਰ ਵੱਲੋਂ ਦੰਦਾਂ ਅਤੇ ਅੱਖਾਂ ਦਾ ਜਾਂਚ ਕੈਂਪ
ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਜੂਨ
ਨੈਣ ਜੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਸ਼੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਚਲਾਏ ਜਾ ਰਹੇ ਵੱਖ-ਵੱਖ ਹਸਪਤਾਲਾਂ ਵਿੱਚ ਮੈਗਾ ਕੈਂਪ ਲਾਇਆ ਗਿਆ। ਇਸ ਦੌਰਾਨ ਸ਼੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 142 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 10 ਮਰੀਜ਼ ਅਪਰੇਸ਼ਨਾਂ ਲਈ ਚੁਣੇ। ਸ਼੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਡੈਂਟਲ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐੱਮਡੀਐੱਸ) 20 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਐਕਸ-ਰੇ ਕੀਤੇ। ਸ਼੍ਰੀ ਵਿਜੇਲਕਸ਼ਮੀ ਚੈਰੀਟੇਬਲ ਮਹਿਲਾ ਹਸਪਤਾਲ ਵਿਚ ਔਰਤ ਰੋਗਾਂ ਦੀ ਮਾਹਰ ਡਾ. ਸਾਇਨਾ ਕਾਂਸਲ ਨੇ 10 ਮਰੀਜ਼ਾਂ ਦੀ ਜਾਂਚ ਕੀਤੀ ਗਈ। ਹਸਪਤਾਲ ਦੇ ਮੁਖੀ ਮਦਨ ਗੋਪਾਲ ਅਤੇ ਸਕੱਤਰ ਕੇਵਲ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਮੰਦਰ ਕਮੇਟੀ ਵੱਲੋਂ ਚਾਹ, ਬਿਸਕੁਟ ਅਤੇ ਪੁਰੀ ਛੋਲਿਆਂ ਦਾ ਲੰਗਰ ਲਗਾਇਆ ਗਿਆ। ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਅਤੇ ਚੇਅਰਮੈਨ ਪਵਨ ਬਾਂਸਲ ਨੇ ਮੈਡੀਕਲ ਟੀਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਛੀਨਮਸਤਿਕਾ ਨਾਰੀ ਸ਼ਕਤੀ ਦਲ ਭੁੱਚੋ ਮੰਡੀ, ਜੈ ਜਵਾਲਾ ਮਹਿਲਾ ਸੰਕੀਰਤਨ ਮੰਡਲ ਭੁੱਚੋ ਕਲਾਂ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਭੋਲਾ ਅਤੇ ਗਮਦੂਰ ਸਿੰਘ ਨੇ ਸਹਿਯੋਗ ਦਿੱਤਾ।