ਉੱਤਰ ਪੱਛਮੀ ਭਾਰਤ ’ਚ ਸੰਘਣੀ ਧੁੰਦ, 100 ਉਡਾਣਾਂ ’ਚ ਦੇਰੀ ਤੇ ਰੇਲ ਆਵਾਜਾਈ ਪ੍ਰਭਾਵਿਤ
ਨਵੀਂ ਦਿੱਲੀ, 29 ਦਸੰਬਰ
ਅੱਜ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ 100 ਉਡਾਣਾਂ ’ਚ ਦੇਰੀ ਹੋਈ ਤੇ ਕੁੱਝ ਰੱਦ ਕਰ ਦਿੱਤੀਆਂ। ਏਅਰਲਾਈਨਜ਼ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਏਅਰਲਾਈਨ ਦੀਆਂ ਵੈੱਬਸਾਈਟਾਂ 'ਤੇ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ। ਹਵਾਈ ਅੱਡੇ ਦੇ ਸੂਤਰਾਂ ਦੇ ਅਨੁਸਾਰ ਅੱਜ ਸੰਘਣੀ ਧੁੰਦ ਕਾਰਨ 150 ਮੀਟਰ ਤੋਂ ਅੱਗੇ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਦਿੱਲੀ ਜਾਣ ਵਾਲੀਆਂ ਘੱਟੋ-ਘੱਟ 11 ਰੇਲ ਗੱਡੀਆਂ ਵੀ ਦੇਰ ਨਾਲ ਚੱਲ ਰਹੀਆਂ ਹਨ। ਦਿੱਲੀ ਵਿੱਚ ਦੇਰੀ ਨਾਲ ਪਹੁੰਚਣ ਵਾਲੀਆਂ ਰੇਲਗੱਡੀਆਂ ਵਿੱਚ ਮੁੰਬਈ ਸੀਐੱਸਐੱਮਟੀ-ਅੰਮ੍ਰਿਤਸਰ ਐਕਸਪ੍ਰੈਸ, ਫਰੱਕਾ ਐਕਸਪ੍ਰੈਸ, ਹਿਮਾਚਲ ਐਕਸਪ੍ਰੈਸ, ਬ੍ਰਹਮਪੁੱਤਰ ਮੇਲ, ਐੱਮਸੀਟੀਐੱਮ ਊਧਮਪੁਰ-ਦਿੱਲੀ ਸਰਾਏ ਰੋਹਿਲਾ ਏਸੀ ਸੁਪਰਫਾਸਟ ਐਕਸਪ੍ਰੈਸ, ਲਖਨਊ ਮੇਲ, ਦਾਨਾਪੁਰ-ਆਨੰਦ ਵਿਹਾਰ ਟਰਮੀਨਲ ਜਨ ਸਾਧਜਨ ਐਕਸਪ੍ਰੈਸ, ਰਕਸੌਲ-ਆਨੰਦ ਵਿਹਾਰ ਟਰਮੀਨਲ, ਸਦਭਾਵਨਾ ਐਕਸਪ੍ਰੈਸ, ਜੰਮੂ ਮੇਲ, ਪਦਮਾਵਤ ਐਕਸਪ੍ਰੈਸ ਅਤੇ ਕਾਸ਼ੀ ਵਿਸ਼ਵਨਾਥ ਐਕਸਪ੍ਰੈਸ ਸ਼ਾਮਲ ਹਨ। ਵੀਰਵਾਰ ਨੂੰ ਬਾਅਦ ਦੁਪਹਿਰ 2.30 ਵਜੇ ਲਈ ਸੈਟੇਲਾਈਟ ਤਸਵੀਰ ਵਿੱਚ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਵਿੱਚ ਧੁੰਦ ਦੀ ਪਰਤ ਛਾਈ ਹੋਈ ਨਜ਼ਰ ਆ ਰਹੀ ਹੈ।