ਦਿੱਲੀ-ਐੱਨਸੀਆਰ ਵਿੱਚ ਸੰਘਣੀ ਧੁੰਦ; ਜਨ-ਜੀਵਨ ਪ੍ਰਭਾਵਿਤ
* ਵਿਜ਼ੀਬਿਲਟੀ ਜ਼ੀਰੋ; ਆਈਐੱਮਡੀ ਨੇ ਓਰੇਂਜ ਅਲਰਟ ਜਾਰੀ ਕੀਤਾ
* ਹਾਈਵੇਅ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਪ੍ਰੇਸ਼ਾਨੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜਨਵਰੀ
ਦਿੱਲੀ-ਐੱਨਸੀਆਰ ਵਿੱਚ ਅੱਜ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਹਾਈਵੇਅ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਠੰਢ ਵਧਣ ਦੇ ਨਾਲ ਹੀ ਲੋਕ ਅੱਗ ਸੇਕਦੇ ਦੇਖੇ ਗਏ। ਗੁਰੂਗ੍ਰਾਮ ਦੇ ਸੈਕਟਰ-51 ਵਿੱਚ ਸਵੇਰੇ 7 ਵਜੇ ਹਵਾ ਦੀ ਗੁਣਵੱਤਾ 999 ਦਾ ਏਕਿਊਆਈ ਵੀ ਬਹੁਤ ਖ਼ਰਾਬ ਸੀ।
ਵਾਹਨ ਚਾਲਕਾਂ ਨੂੰ ਸਵੇਰ ਵੇਲੇ ਵੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਗੱਡੀਆਂ ਚਲਾਉਣੀਆਂ ਪਈਆਂ। ਸੜਕਾਂ ਉਪਰ ਲੱਗੇ ਬੋਰਡ ਤੱਕ ਦਿਖਾਈ ਨਹੀਂ ਦੇ ਰਹੇ ਹਨ। ਇੰਦਰਾਪੁਰਮ, ਗਾਜ਼ੀਆਬਾਦ ਵਿੱਚ ਠੰਢ ਅਤੇ ਸੰਘਣੀ ਧੁੰਦ ਕਾਰਨ ਸਵੇਰੇ ਜ਼ੀਰੋ ਵਿਜ਼ੀਬਿਲਟੀ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਐੱਨਸੀਆਰ ਸਮੇਤ ਦਿੱਲੀ ਦੇ ਸਕੂਲਾਂ ਵਿੱਚ 15 ਜਨਵਰੀ ਤੱਕ ਛੁੱਟੀਆਂ ਕੀਤੀਆਂ ਹੋਈਆਂ ਹਨ। ਪੂਰੇ ਐੱਨਸੀਆਰ ’ਚ ਵਧਦੀ ਠੰਢ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਜ਼ਿਆਦਾਤਰ ਲੋਕ ਅੱਗ ਬਾਲ ਕੇ ਹੱਥ ਸੇਕ ਕੇ ਠੰਢ ਤੋਂ ਬਚਾਅ ਕੀਤਾ ਹੈ। ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕੀਤਾ।
ਐਨਸੀਆਰ ਵਿੱਚ ਏਕਿਊਆਈ ਗੁਰੂਗ੍ਰਾਮ ਸੈਕਟਰ-51 999, ਨੋਇਡਾ ਸੈਕਟਰ-62 406, ਸ਼ਾਹਰਦਾ ਦਿੱਲੀ 355, ਸ੍ਰੀ ਨਿਵਾਸਪੁਰੀ ਦਿੱਲੀ 351, ਅਲੀਪੁਰ ਦਿੱਲੀ 277, ਨਰੇਲਾ ਦਿੱਲੀ 256, ਵਜ਼ੀਰਪੁਰ ਦਿੱਲੀ 284, ਗਾਜ਼ੀਆਬਾਦ 183, ਪੰਜਾਬੀ ਬਾਗ ਦਿੱਲੀ 273, ਮੁੰਡਕਾ ਦਿੱਲੀ 212 ਸੀ। ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਸੀ ਅਤੇ ਪੇਸ਼ੀਨਗੋਈ ਕੀਤੀ ਹੈ ਕਿ ਸ਼ੁੱਕਰਵਾਰ ਸਵੇਰੇ ਅਤੇ ਰਾਤ ਨੂੰ ਜ਼ਿਆਦਾਤਰ ਥਾਵਾਂ ’ਤੇ ਦਰਮਿਆਨੀ ਤੋਂ ਸੰਘਣੀ ਧੁੰਦ ਪਵੇਗੀ। ਕੁਝ ਥਾਵਾਂ ’ਤੇ ਬਹੁਤ ਸੰਘਣੀ ਧੁੰਦ ਵੀ ਸੀ।
ਸ਼ਾਮ ਅਤੇ ਰਾਤ ਨੂੰ ਵੀ ਇਹੀ ਸਥਿਤੀ ਸੀ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 17 ਅਤੇ 8 ਡਿਗਰੀ ਦੇ ਆਸ-ਪਾਸ ਸੀ। ਹਵਾ ਦੀ ਰਫ਼ਤਾਰ ਧੀਮੀ ਹੋਣ ਕਾਰਨ ਅਜਿਹਾ ਹੋਇਆ ਹੈ। ਫਿਲਹਾਲ ਇਸ ਵਿੱਚ ਜ਼ਿਆਦਾ ਬਦਲਾਅ ਦੀ ਸੰਭਾਵਨਾ ਨਹੀਂ ਹੈ। ਸੰਘਣੀ ਧੁੰਦ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਹੋਰ ਵੀ ਪ੍ਰੇਸ਼ਾਨ ਕਰ ਸਕਦੀ ਹੈ।
ਫ਼ਰੀਦਾਬਾਦ ਵਿੱਚ ਵੀ ਪੱਸਰੀ ਰਹੀ ਸੰਘਣੀ ਧੁੰਦ
ਫ਼ਰੀਦਾਬਾਦ ਵਿੱਚ ਸਵੇਰੇ 7 ਵਜੇ ਸੰਘਣੀ ਧੁੰਦ ਛਾਈ ਹੋਈ ਸੀ। ਦਸ ਮੀਟਰ ਦੀ ਦੂਰੀ ਵੀ ਦਿਖਾਈ ਨਹੀਂ ਦੇ ਰਹੀ ਸੀ। ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਪਾਈ ਗਈ। ਅੱਜ ਸਵੇਰੇ ਏਕਿਊਆਈ ਬਹੁਤ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਏਕਿਊਆਈ ਅਨੁਸਾਰ ਗੁਰੂਗ੍ਰਾਮ ਦੇ ਸੈਕਟਰ-51 ਵਿੱਚ ਸਵੇਰੇ 7 ਵਜੇ ਏਕਿਊਆਈ 999 ਦਰਜ ਕੀਤਾ ਗਿਆ ਹੈ।