ਸੰਗਰੂਰ ਇਲਾਕੇ ਵਿੱਚ ਸੰਘਣੀ ਧੁੰਦ ਛਾਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਨਵੰਬਰ
ਸੰਗਰੂਰ ਇਲਾਕੇ ’ਚ ਅੱਜ ਸੰਘਣੀ ਧੁੰਦ ਨੇ ਦਸਤਕ ਦੇ ਦਿੱਤੀ ਹੈ। ਸੰਘਣੀ ਧੁੰਦ ਦੇ ਨਾਲ ਮੌਸਮ ਵੀ ਕਰਵਟ ਲੈਣ ਲੱਗਾ ਹੈ। ਕੱਤਕ ਮਹੀਨੇ ਦੇ ਅੰਤ ਤੱਕ ਭਾਵੇਂ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਪਰ ਅੱਜ ਦਿਨ ਸੰਘਣੀ ਧੁੰਦ ਦੇ ਨਾਲ ਨਾਲ ਚੱਲੀਆਂ ਹਵਾਵਾਂ ਕਾਰਨ ਸਰਦੀ ਦੇ ਮੌਸਮ ਦਾ ਆਗਾਜ਼ ਹੋਇਆ ਹੈ। ਪਹਾੜੀ ਖੇਤਰਾਂ ਵਿਚ ਬਰਫ਼ਵਾਰੀ ਹੋਣ ਮਗਰੋਂ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ।
ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਸੰਘਣੀ ਧੁੰਦ ਛਾਈ ਹੋਈ ਸੀ ਤੇ ਦਿਸ ਹੱਦ ਬਿਲਕੁਲ ਨਾ ਮਾਤਰ ਸੀ। ਧੁੰਦ ਕਾਰਨ ਸੜਕਾਂ ਉਪਰ ਆਵਾਜਾਈ ਦੀ ਰਫ਼ਤਾਰ ਨੂੰ ਵੀ ਬਰੇਕਾਂ ਲੱਗੀਆਂ। ਆਵਾਜਾਈ ਦੌਰਾਨ ਵਾਹਨ ਚਾਲਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵਾਹਨਾਂ ਨੂੰ ਲਾਈਟਾਂ ਜਗਾ ਕੇ ਹੌਲੀ ਰਫ਼ਤਾਰ ਨਾਲ ਸਫ਼ਰ ਤੈਅ ਕਰਨਾ ਪਿਆ। ਅੱਜ ਦਿਨ ਸਮੇਂ ਸੂਰਜ ਦੇਵਤਾ ਦੀ ਵੀ ਕੋਈ ਪੇਸ਼ ਨਾ ਚੱਲੀ। ਦਿਨ ਭਰ ਧੁੰਦ ਅਤੇ ਆਸਮਾਨ ’ਚ ਪਰਾਲੀ ਦੀ ਅੱਗ ਦੇ ਧੂੰਏਂ ਕਾਰਨ ਆਸਮਾਨ ’ਚ ਸੂਰਜ ਦੇਵਤਾ ਅਲੋਪ ਹੀ ਰਿਹਾ।
ਮੌਜੂਦਾ ਦਿਨਾਂ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦਾ ਰੁਝਾਨ ਪੂਰੇ ਸਿਖ਼ਰਾਂ ’ਤੇ ਹੈ। ਅੱਗ ਦੇ ਧੂੰਆਂ ਸਾਰਾ ਦਿਨ ਆਸਮਾਨ ’ਚ ਚੜ੍ਹਿਆ ਰਹਿੰਦਾ ਹੈ ਅਤੇ ਸ਼ਾਮ ਨੂੰ ਕਰੀਬ ਚਾਰ ਵਜੇ ਹੀ ਸੂਰਜ ਧੂੰਏਂ ’ਚ ਘਿਰ ਜਾਂਦਾ ਹੈ। ਸੜਕਾਂ ਉਪਰ ਵੀ ਕਾਲੇ ਧੂੰਏਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਅੱਗ ਦਾ ਧੂੰਆਂ ਸੜਕਾਂ ਨੂੰ ਵੀ ਲਪੇਟ ਵਿਚ ਲੈ ਲੈਂਦਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ।