ਮਨੀਪੁਰ ਜਾਂਚ ਟੀਮ ਦੀਆਂ ਮੈਂਬਰਾਂ ਵਿਰੁੱਧ ਕੇਸ ਦਰਜ ਕਰਨ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 11 ਜੁਲਾਈ
ਲੋਕ ਮੋਰਚਾ ਪੰਜਾਬ ਨੇ ਨੈਸ਼ਨਲ ਫ਼ੈਡਰੇਸ਼ਨ ਆਫ਼ ਇੰਡੀਅਨ ਵਿਮੈੱਨ ਦੀਆਂ ਕਾਰਕੁਨ ਐਨੀ ਰਾਜਾ, ਨਿਸ਼ਾ ਸਿੱਧੂ ਅਤੇ ਦੀਕਸ਼ਾ ਦਿਵੇਦੀ ਖ਼ਿਲਾਫ਼ ਮਨੀਪੁਰ ਦੀ ਭਾਜਪਾ ਹਕੂਮਤ ਵੱਲੋਂ ਐੱਫਆਈਆਰ ਦਰਜ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਇਹ ਕਾਰਕੁਨਾਂ ਮਨੀਪੁਰ ਅੰਦਰ ਜਾਰੀ ਹਿੰਸਾ ਸਬੰਧੀ ਜਾਂਚ ਕਰਨ ਗਈ ਤੱਥ ਖੋਜ ਕਮੇਟੀ ਦੀਆਂ ਮੈਂਬਰ ਸਨ ਅਤੇ ਭਾਜਪਾ ਹਕੂਮਤ ਲੋਕ ਮਸਲਿਆਂ ਬਾਰੇ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਅਤੇ ਕਾਰਕੁਨਾਂ ਖ਼ਿਲਾਫ਼ ਲਗਾਤਾਰ ਕਾਨੂੰਨੀ ਹਿੰਸਾ ਵਰਤਦੀ ਆ ਰਹੀ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਰਕੁਨਾਂ ’ਤੇ ਆਧਾਰਿਤ ਖੋਜ ਟੀਮ ਨੇ ਲੰਘੀ 2 ਜੁਲਾਈ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ‘ਮਨੀਪੁਰ ਹਿੰਸਾ ਨਿਰੋਲ ਦੋ ਭਾਈਚਾਰਿਆਂ ਦੇ ਟਕਰਾਅ ਦਾ ਮਾਮਲਾ ਨਹੀਂ ਸਗੋਂ ਇਹ ਹਿੰਸਾ, ਰਾਜ ਦੀ ਸਰਪ੍ਰਸਤੀ ਹੇਠ ਅੰਜ਼ਾਮ ਦਿੱਤੀ ਗਈ ਹੈ। ਇਸ ਦੀ ਤਹਿ ਹੇਠ ਹਕੂਮਤ ਦਾ ਕਾਰਪੋਰੇਟ ਪੱਖੀ ਏਜੰਡਾ, ਜ਼ਮੀਨਾਂ, ਧਾਰਮਿਕ ਵਖਰੇਵੇਂ ਅਤੇ ਉੱਤਰ ਪੂਰਬ ਵਿੱਚ ਕੌਮੀ ਦਾਬੇ ਖ਼ਿਲਾਫ਼ ਜਾਰੀ ਮਿਲੀਟੈਂਸੀ ਵਰਗੇ ਕਈ ਪੱਖ ਸ਼ਾਮਲ ਹਨ। ਅਖੀਰ ਵਿੱਚ ਮੋਰਚੇ ਦੇ ਦੋਵਾਂ ਆਗੂਆਂ ਨੇ ਭਾਜਪਾ ਹਕੂਮਤ ਤੋਂ ਇਹ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਸਮੂਹ ਲੋਕਾਂ ਨੂੰ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਹਕੂਮਤਾਂ ਦੇ ਇਸ ਕਦਮ ਖ਼ਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਵੀ ਦਿੱਤਾ ਹੈ।