ਡੇਂਗੂ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਪ੍ਰਭਾਵਿਤ ਕਰਦਾ ਹੈ: ਮਾਹਿਰ
ਨਵੀਂ ਦਿੱਲੀ, 9 ਜੁਲਾਈ
ਮੱਛਰ ਤੋਂ ਪੈਦਾ ਹੋਣ ਵਾਲੀ ਵਾਇਰਲ ਬਿਮਾਰੀ ਡੇਂਗੂ ਨੂੰ ਆਮ ਤੌਰ ‘ਤੇ ਹਲਕੇ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ। ਇਸ ਸਬੰਧੀ ਮਾਹਿਰ ਡਾਕਟਰਾਂ ਨੇ ਕਿਹਾ ਹੈ ਕਿ ਡੇਂਗੂ ਦਿਮਾਗ ‘ਤੇ ਡੂੰਗੇ ਪ੍ਰਭਾਵ ਪਾਉਂਦਾ ਹੈ, ਜਿੰਨ੍ਹਾ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ।
ਫੋਰਟਿਸ ਹਸਪਾਤਲ ਗੁਰੂਗ੍ਰਾਮ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਡਾ. ਪ੍ਰਵੀਨ ਗੁਪਤਾ ਨੇ ਕਿਹਾ ਕਿ ਡੇਂਗੂ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ ਪਰ ਇਸ ਦੇ ਹੋਰ ਡੂੰਗੇ ਪ੍ਰਭਾਵ ਵੀ ਹੁੰਦੇ ਹਨ, ਜਿੰਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਇਨਸੇਫਲਾਈਟਿਸ, ਮੈਨਿਨਜਾਈਟਿਸ ਅਤੇ ਮਾਈਲਾਈਟਿਸ ਸ਼ਾਮਲ ਹਨ। ਇਹ ਸਥਿਤੀਆਂ ਖੂਨ ਦੀ ਦਿਮਾਗ ਵਿਚ ਰੁਕਾਵਟ ਨੂੰ ਪਾਰ ਕਰਨ ਵਾਲੇ ਵਾਇਰਸ ਤੋਂ ਪੈਦਾ ਹੁੰਦੀਆਂ ਹਨ, ਜਿਸ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਸੋਜ ਅਤੇ ਲਾਗ ਸਾਹਮਣੇ ਆਉਦੀ ਹੈ।
ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਗੰਭੀਰ ਡੇਂਗੂ
ਗੰਭੀਰ ਡੇਂਗੂ ਵਾਲੇ ਮਰੀਜ਼ਾਂ ਨੂੰ ਸਿਰ ਦਰਦ, ਮਾਨਸਿਕ ਸਥਿਤੀ ਵਿਚ ਤਬਦੀਲੀ, ਦੌਰੇ ਇੱਥੋਂ ਤੱਕ ਕਿ ਕੋਮਾ ਦਾ ਖ਼ਤਰਾ ਵੀ ਹੋ ਸਕਦਾ ਹੈ। ਵਾਇਰਸ ਦੇ ਨਿਊਰੋਟ੍ਰੋਪਿਕ ਹੋਣ ਦਾ ਮਤਲਬ ਹੈ ਕਿ ਇਹ ਸਿੱਧੇ ਤੌਰ ਤੇ ਦਿਮਾਗੀ ਸੈੱਲਾਂ ਨੂੰ ਸੰਕਰਮਿਤ ਕਰ ਸਕਦਾ ਹੈ, ਜਿਸ ਨਾਲ ਸਿਹਤ ਨੁਕਸਾਨ ਅਤੇ ਸੋਜਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਲਾਗ ਨਾਲ ਸ਼ੁਰੂ ਹੋਣ ਵਾਲੀ ਇਮਿਊਨ ਪ੍ਰਤੀਕ੍ਰਿਆ ਇਨ੍ਹਾਂ ਦਿਮਾਗੀ ਸਮੱਸਿਆਵਾਂ ਨੂੰ ਵਧਾ ਸਕਦੀ ਹੈ ਅਤੇ ਇਲਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਏਡੀਜ਼ ਮੱਛਰ ਦੇ ਨਾਲ ਫੈਲਦਾ ਹੈ ਪ੍ਰਭਾਵੀ ਵਾਇਰਲ
ਮੌਨਸੂਨ ਦੇ ਮੌਸਮ ਦੌਰਾਨ ਮੱਛਰਾਂ ਦੇ ਪ੍ਰਜਨਨ ਵਿਚ ਵਾਧਾ ਹੋਣ ਕਾਰਨ ਡੇਂਗੂ ਬੁਖਾਰ ਕਾਫ਼ੀ ਵਧ ਜਾਂਦਾ ਹੈ। ਰੁਕਿਆ ਹੋਇਆ ਪਾਣੀ ਅਤੇ ਜ਼ਿਆਦਾ ਨਮੀ ਏਡੀਜ਼ ਮੱਛਰ ਦੇ ਵਧਣ ਫੁੱਲਣ ਲਈ ਯੋਗ ਸਥਿਤੀਆਂ ਪੈਦਾ ਕਰਦੇ ਹਨ, ਜਿਸ ਨਾਲ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ।
ਮਾਹਿਰਾਂ ਨੇ ਨੋਟ ਕੀਤਾ ਕਿ ਮਾਨਸੂਨ ਦੌਰਾਨ ਡੇਂਗੂ ਕਾਰਨ ਵਧਦੀਆਂ ਦਿਮਾਗ ਦੀਆਂ ਸਮੱਸਿਆਵਾਂ ਦੀ ਛੇਤੀ ਪਛਾਣ ਕਰਨ ਅਤੇ ਇਲਾਜ ਦੀ ਲੋੜ ਹੈ । ਸਿਹਤ ਸੰਭਾਲ ਪ੍ਰਣਾਲੀਆਂ ਨੂੰ ਡੇਂਗੂ ਦੇ ਮਰੀਜ਼ਾਂ ਵਿੱਚ ਇਸ ਦੀ ਸ਼ਮੂਲੀਅਤ ਦੇ ਸੰਕੇਤਾਂ ਅਤੇ ਨਿਗਰਾਨੀ ਲਈ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਦਿਮਾਗੀ ਸਿਹਤ ‘ਤੇ ਡੇਂਗੂ ਦੇ ਪ੍ਰਭਾਵ ਨੂੰ ਘਟਾਉਣ ਲਈ ਰੋਕਥਾਮ ਦੇ ਉਪਾਅ ਮਹੱਤਵਪੂਰਨ ਹਨ।
ਭਾਰਤ ਵਿੱਚ ਮਾਨਸੂਨ ਦੇ ਦੌਰਾਨ ਕਰਨਾਟਕ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਦਿੱਲੀ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਡੇਂਗੂ ਦੇ ਮਾਮਲੇ ਵਧੇ ਹਨ।- ਆਈਏਐੱਨਐੱਸ