ਅੰਬਾਲਾ ਵਿੱਚ ਡੇਂਗੂ ਦਾ ਕਹਿਰ; 63 ਨਵੇਂ ਮਾਮਲੇ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਨਵੰਬਰ
ਅੰਬਾਲਾ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਅਕਤੂਬਰ ਦੇ ਆਖ਼ਰੀ ਹਫਤੇ ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਕਿ ਸਿਹਤ ਵਿਭਾਗ ਵੱਲੋਂ ਕੁੱਲ 63 ਮਾਮਲਿਆ ਦੀ ਪੁਸ਼ਟੀ ਕੀਤੀ ਗਈ ਹੈ। ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਅਜੇ ਤੱਕ ਪੂਰੇ ਜ਼ਿਲ੍ਹੇ ਵਿੱਚ ਕਿਤੇ ਵੀ ਫੌਗਿੰਗ ਨਹੀਂ ਕਰਵਾਈ ਗਈ, ਜਿਸ ਕਰਕੇ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੁਨੀਲ ਹਰੀ ਨੇ ਡੇਂਗੂ ਦੇ 63 ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਹੁਣ ਤੱਕ ਡੇਂਗੂ ਦੇ ਲਾਰਵੇ ਦਾ ਪਤਾ ਲਗਾ ਕੇ 6 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੋਟਿਸ ਦੇ ਚੁੱਕੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੁਖ਼ਾਰ ਹੋਣ ਦੀ ਸੂਰਤ ਵਿੱਚ ਉਹ ਨੇੜੇ ਦੇ ਹਸਪਤਾਲ ਜਾ ਕੇ ਟੈਸਟ ਜ਼ਰੂਰ ਕਰਵਾਉਣ। ਡੇਂਗੂ ਦਾ ਟੈੱਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਝੋਲਾ ਛਾਪ ਡਾਕਟਰ ਕੋਲ ਜਾ ਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਨਾ ਪਾਉਣ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਖ਼ਾਲੀ ਪਲਾਟਾਂ ਵਿੱਚ ਕਾਲਾ ਤੇਲ ਆਦਿ ਪਾਉਣ ਦਾ ਕੰਮ ਕਰ ਰਹੀ ਹੈ ਤਾਂ ਜੋ ਡੇਂਗੂ ਦਾ ਲਾਰਵਾ ਉੱਥੇ ਜਮ੍ਹਾਂ ਹੋਏ ਪਾਣੀ ਵਿੱਚ ਪੈਦਾ ਨਾ ਹੋ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਡੇਂਗੂ ਦੇ ਕਰੀਬ 527 ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਨੇ ਤਾਂ ਇਸ ਤੋਂ ਸਬਕ ਲੈ ਲਿਆ ਪਰੰਤੂ ਨਗਰ ਨਿਗਮ ਨੇ ਕੋਈ ਸਬਕ ਨਹੀਂ ਲਿਆ। ਜਾਣਕਾਰੀ ਅਨੁਸਾਰ ਆਰਡਰ ਕੀਤੀਆਂ ਫੌਗਿੰਗ ਮਸ਼ੀਨਾਂ ਵੀ ਅਜੇ ਤੱਕ ਨਿਗਮ ਕੋਲ ਨਹੀਂ ਪਹੁੰਚੀਆਂ। ਰਾਹਤ ਦੀ ਗੱਲ ਇਹ ਹੈ ਕਿ ਹੁਣ ਸਰਦੀ ਸ਼ੁਰੂ ਹੋਣ ਵਾਲੀ ਹੈ ਅਤੇ ਜੇ ਸਰਦੀ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਆਉਣ ਵਾਲੇ 15-20 ਦਿਨਾਂ ਵਿੱਚ ਡੇਂਗੂ ਦਾ ਲਾਰਵਾ ਆਪਣੇ ਆਪ ਖ਼ਤਮ ਹੋ ਜਾਵੇਗਾ।