ਡੇਂਗੂ ਦੇ ਮਾਮਲੇ: ਅਦਾਲਤ ਵੱਲੋਂ ਪੰਚਕੂੁਲਾ ਦੇ ਸੈਕਟਰ 25 ’ਚ ਸਫ਼ਾਈ ਦੇ ਨਿਰਦੇਸ਼
ਪੀ.ਪੀ. ਵਰਮਾ
ਪੰਚਕੂਲਾ, 29 ਅਕਤੂਬਰ
ਪੰਚਕੂਲਾ ’ਚ ਡੇਂਗੂ ਦਾ ਕਹਿਰ ਵਧਣ ਦਾ ਮਾਮਲਾ ਅਦਾਲਤ ’ਚ ਪਹੁੰਚ ਗਿਆ ਹੈ। ਜ਼ਿਲ੍ਹੇ ’ਚ ਹੁਣ ਤੱਕ ਡੇਂਗੂ ਦੇ 1143 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਲੋਕਾਂ ’ਚ ਘਬਰਾਹਟ ਪੈਦਾ ਹੋਈ ਹੈ। ਲੋਕ ਅਦਾਲਤ ਫਾਰ ਪਬਲਿਕ ਯੂਟਿਲਟੀ ਸਰਵਸਿਜ ਪੰਚਕੂਲਾ ’ਚ ਚੱਲ ਰਹੇ ਬਿਮਲ ਰਾਏ ਗੋਇਲ ਤੇ ਹੋਰ ਬਨਾਮ ਐਚਐਸ ਵੀਪੀ ਅਤੇ ਹੋਰਾਂ ਦੇ ਮਾਮਲੇ ’ਚ ਐਚਐਸਵੀਪੀ, ਨਗਰ ਨਿਗਮ, ਜੰਗਲਾਤ ਵਿਭਾਗ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੈਕਟਰ-25 ਦੀ ਸਫਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਪੰਜ ਸਰਕਾਰੀ ਵਿਭਾਗਾਂ ਨੂੰ ਸਟੇਟਸ ਰਿਪੋਰਟ ਤੇ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬਲਵੰਤ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਸੈਕਟਰ 25 ਨਿਵਾਸੀ ਬਿਮਲ ਰਾਏ ਗੋਇਲ, ਨਿਤੇਸ਼ ਮਿੱਤਲ ਤੇ ਮੋਹਿਤ ਗੁਪਤਾ ਅਦਾਲਤ ਵਿੱਚ ਪਟੀਸ਼ਨਕਰਤਾ ਵਜੋਂ ਪੇਸ਼ ਹੋਏ ਤੇ ਘਰ-ਘਰ ਜਾ ਕੇ ਡੇਂਗੂ ਦੇ ਕੇਸਾਂ ਮੁੱਦਾ ਉਠਾਇਆ। ਪਟੀਸ਼ਨਰ ਨੇ ਦੱਸਿਆ ਕਿ ਸੈਕਟਰ 25 ਵਿੱਚ ਪਾਰਕਾਂ, ਗਰੀਨ ਬੈਲਟਾਂ, ਸੜਕ ਦੇ ਕਿਨਾਰਿਆਂ, ਖਾਲੀ ਪਲਾਟਾਂ ਵਿੱਚ ਪਾਣੀ ਖੜ੍ਹਾ ਹੈ। ਇਸ ਕਾਰਨ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ’ਤੇ ਅਦਾਲਤ ਨੇ ਸਰਕਾਰੀ ਵਿਭਾਗਾਂ ਨੂੰ ਸੈਕਟਰਾਂ ਵਿੱਚ ਸਫਾਈ ਲਈ ਤੁਰੰਤ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਪੰਚਕੂਲਾ ਦੇ ਜ਼ਿਲ੍ਹਾ ਮਲੇਰੀਆ ਅਧਿਕਾਰੀ ਸੰਦੀਪ ਜੈਨ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਨਗਰ ਨਿਗਮ ਨੇ ਫੌਗਿੰਗ ਸਣੇ ਕਈ ਕਦਮ ਚੁੱਕੇ ਹਨ।