ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਂਗੂ ਦੀ ਮਾਰ: ਜਲੰਧਰ ਹਸਪਤਾਲ ’ਚ ਪ੍ਰਬੰਧਾਂ ਦੀ ਘਾਟ, ਮਰੀਜ਼ ਖੁਆਰ

06:51 AM Nov 12, 2024 IST
ਡੇਂਗੂ ਵਾਰਡ ਵਿੱਚ ਦਾਖ਼ਲ ਮਰੀਜ਼। -ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 11 ਨਵੰਬਰ
ਇਲਾਕੇ ਵਿੱਚ ਡੇਂਗੂ ਦੇ ਮਾਮਲੇ ਚਿੰਤਾਜਨਕ ਪੱਧਰ ’ਤੇ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਜੁਲਾਈ ਤੋਂ ਹੁਣ ਤੱਕ 105 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਡੇਂਗੂ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੌਰਾਨ ਸਿਵਲ ਹਸਪਤਾਲ ਨੂੰ ਅਣਉਚਿਤ ਸਹੂਲਤਾਂ ਤੇ ਦੇਖਭਾਲ ਦੀ ਘਾਟ ਦੀਆਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਵਿੱਚੋਂ ਇੱਕ ਨੇ ਦੱਸਿਆ ਕਿ ਐਤਵਾਰ ਨੂੰ ਉਸਦੀ ਪਲੇਟਲੈਟਸ ਦੀ ਗਿਣਤੀ ਘਟ ਕੇ 12,000 ਰਹਿ ਗਈ ਸੀ। ਉਸਦਾ ਪਰਿਵਾਰ ਉਸਦੇ ਇਲਾਜ ਲਈ ਜ਼ਰੂਰੀ ਸਿੰਗਲ ਡੋਨਰ ਪਲੇਟਲੈੱਟਸ ਐੱਸਡੀਪੀ ਕਿੱਟ ਲੱਭ ਰਹੇ ਸਨ, ਪਰ ਹਸਪਤਾਲ ਦੇ ਬਲੱਡ ਬੈਂਕ ਕੋਲ ਕੋਈ ਸਟਾਕ ਉਪਲਬਧ ਨਹੀਂ ਸੀ। ਪ੍ਰਾਈਵੇਟ ਹਸਪਤਾਲ ਕਿੱਟ ਲਈ 11,000 ਰੁਪਏ ਦੀ ਮੰਗ ਕਰ ਰਹੇ ਹਨ ਪਰ ਇੰਨੇ ਪੈਸੇ ਉਹ ਨਹੀਂ ਖਰਚ ਸਕਦੇ। ਭਾਵੇਂ ਹਸਪਤਾਲ ਦੇ ਮੈਡੀਕਲ ਸਟਾਫ਼ ਨੇ ਦਾਅਵਾ ਕੀਤਾ ਸੀ ਕਿ ਐੱਸਡੀਪੀ ਕਿੱਟਾਂ ਦੇ ਮੁੱਦੇ ਨੂੰ ਹੱਲ ਕੀਤਾ ਜਾ ਰਿਹਾ ਹੈ ਅਤੇ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ, ਪਰ ਦੇਰੀ ਨੇ ਸਿਹਤ ਵਿਭਾਗ ਦੀ ਤਿਆਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐੱਸਡੀਪੀ ਕਿੱਟਾਂ ਦੀ ਘਾਟ ਬਾਰੇ ਮਹਿਕਮੇ ਨੂੰ ਇੱਕ ਮਹੀਨਾ ਪਹਿਲਾਂ ਤਜਵੀਜ਼ ਭੇਜੇ ਜਾਣ ਦੇ ਬਾਵਜੂਦ ਹਸਪਤਾਲ ਨੂੰ ਲੋੜੀਂਦੀਆਂ ਕਿੱਟਾਂ ਦੀ ਸਪਲਾਈ ਨਹੀਂ ਕੀਤੀ ਗਈ। ਇਸ ਦੌਰਾਨ ਸ਼ਿਕਾਇਤਾਂ ਵਧ ਰਹੀਆਂ ਹਨ। ਲੋਕਾਂ ਨੇ ਕੂੜਾ-ਕਰਕਟ, ਗੰਦੇ ਬਾਥਰੂਮਾਂ ਅਤੇ ਬੁਨਿਆਦੀ ਸਫਾਈ ਦੀ ਘਾਟ ਦਾ ਹਵਾਲਾ ਦਿੱਤਾ ਹੈ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਜ਼ਰੂਰੀ ਦਵਾਈਆਂ ਅਕਸਰ ਉਪਲਬਧ ਨਹੀਂ ਹੁੰਦੀਆਂ। ਡੇਂਗੂ ਦੀ ਪੁਸ਼ਟੀ ਕਰਨ ਵਰਤਿਆ ਜਾਣ ਵਾਲਾ ਮਿਆਰੀ ਕੈਮੀਕਲ ਟੈਸਟ ਸਮਾਂ ਲੈਣ ਵਾਲਾ ਹੁੰਦਾ ਹੈ, ਜਿਸ ਕਾਰਨ ਇਲਾਜ ਵਿੱਚ ਦੇਰੀ ਹੁੰਦੀ ਹੈ। ਇਸ ਤਰ੍ਹਾਂ ਹਸਪਤਾਲ ਨੇ ਐਮਰਜੈਂਸੀ ਕੇਸਾਂ ਵਿੱਚ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣ ਲਈ ਸਰਕਾਰ ਤੋਂ ਰੈਪਿਡ ਕਿੱਟਾਂ ਦੀ ਮੰਗ ਕੀਤੀ ਹੈ।

Advertisement

ਸਥਿਤੀ ਕਾਬੂ ਹੇਠ ਹੈ: ਸਿਵਲ ਸਰਜਨ

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਡੇਂਗੂ ਦੇ ਮਰੀਜ਼ਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਸਹੀ ਇਲਾਜ ਕਰਨ ਲਈ 75 ਦੇ ਕਰੀਬ ਟੀਮਾਂ ਅਣਥੱਕ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਪਲੇਟਲੈੱਟਸ ਦੀ ਘਾਟ ਬਾਰੇ ਕਿਹਾ ਕਿ ਪਲੇਟਲੈੱਟਸ ਦੀ ਵਰਤੋਂ ਨਾ ਹੋਣ ’ਤੇ ਇਹ ਪੰਜ ਦਿਨਾਂ ਦੇ ਅੰਦਰ-ਅੰਦਰ ਖਤਮ ਹੋ ਜਾਂਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਮੰਗ ਨਿਯਮਿਤ ਖੂਨਦਾਨ ਕੈਂਪਾਂ ਰਾਹੀਂ ਪੂਰੀ ਕੀਤੀ ਜਾ ਰਹੀ ਹੈ। ਸਫ਼ਾਈ ਅਤੇ ਦਵਾਈਆਂ ਦੀ ਅਣਉਪਲਬਧਤਾ ਬਾਰੇ ਸ਼ਿਕਾਇਤਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਮੈਡੀਕਲ ਸੁਪਰਡੈਂਟ ਦੀ ਜ਼ਿੰਮੇਵਾਰੀ ਅਧੀਨ ਆਉਂਦੇ ਹਨ ਪਰ ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਚੀਜ਼ ਨੂੰ ਠੀਕ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

Advertisement
Advertisement