ਗੋਲੀਬੰਦੀ ਅਤੇ ਬੰਦੀਆਂ ਦੀ ਘਰ ਵਾਪਸੀ ਲਈ ਇਜ਼ਰਾਈਲ ’ਚ ਪ੍ਰਦਰਸ਼ਨ
ਤਲ ਅਵੀਵ, 7 ਜੁਲਾਈ
ਗਾਜ਼ਾ ’ਚ ਜੰਗ ਸ਼ੁਰੂ ਹੋਣ ਦੇ 9 ਮਹੀਨੇ ਬੀਤਣ ਮਗਰੋਂ ਇਜ਼ਰਾਇਲੀਆਂ ਨੇ ਗੋਲੀਬੰਦੀ ਅਤੇ ਹਮਾਸ ਵੱਲੋਂ ਬੰਦੀ ਬਣਾਏ ਗਏ ਵਿਅਕਤੀਆਂ ਦੀ ਘਰ ਵਾਪਸੀ ਲਈ ਅੱਜ ਮੁਲਕ ’ਚ ਕਈ ਥਾਵਾਂ ’ਤੇ ਰਾਹ ਰੋਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤੇ। ਉਨ੍ਹਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਅਸਤੀਫ਼ਾ ਵੀ ਮੰਗਿਆ। ਇਹ ਪ੍ਰਦਰਸ਼ਨ ਉਸ ਸਮੇਂ ਹੋਏ ਹਨ ਜਦੋਂ ਹਮਾਸ ਨਾਲ ਵਾਰਤਾ ਦੀਆਂ ਨਵੀਆਂ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਨਜ਼ਰ ਆ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 6.29 ਵਜੇ ਤੋਂ ਹੀ ਰਾਹ ਰੋਕਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਬਾਹਰ ਵੀ ਪ੍ਰਦਰਸ਼ਨ ਕੀਤੇ।
ਗਾਜ਼ਾ ਨਾਲ ਲਗਦੀ ਸਰਹੱਦ ਨੇੜੇ ਇਜ਼ਰਾਇਲੀਆਂ ਨੇ ਜੰਗ ਦੌਰਾਨ ਮਾਰੇ ਗਏ ਲੋਕਾਂ ਅਤੇ ਬੰਦੀਆਂ ਦੀ ਯਾਦ ’ਚ 1,500 ਕਾਲੇ ਅਤੇ ਪੀਲੇ ਗ਼ੁਬਾਰੇ ਛੱਡੇ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅੱਜ ਜੰਗ ਨੂੰ 9 ਮਹੀਨੇ ਹੋ ਗਏ ਹਨ ਪਰ ਸਾਡੀ ਸਰਕਾਰ ’ਚੋਂ ਕਿਸੇ ਨੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਸਾਲ ਨਵੰਬਰ ’ਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਸਮਝੌਤੇ ਤਹਿਤ 100 ਤੋਂ ਵਧ ਬੰਦੀਆਂ ਨੂੰ ਰਿਹਾਅ ਕੀਤਾ ਗਿਆ ਸੀ ਅਤੇ ਕਰੀਬ 120 ਵਿਅਕਤੀ ਅਜੇ ਵੀ ਹਮਾਸ ਦੇ ਕਬਜ਼ੇ ਹੇਠ ਹਨ। ਇਜ਼ਰਾਈਲ ਪਹਿਲਾਂ ਹੀ ਆਖ ਚੁੱਕਿਆ ਹੈ ਕਿ 40 ਤੋਂ ਵਧ ਬੰਦੀ ਮਾਰੇ ਜਾ ਚੁੱਕੇ ਹਨ ਅਤੇ ਜੇ ਜੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਹ ਗਿਣਤੀ ਹੋਰ ਵਧ ਸਕਦੀ ਹੈ। ਉਧਰ ਗਾਜ਼ਾ ’ਚ ਐਤਵਾਰ ਤੜਕੇ ਇਜ਼ਰਾਈਲ ਵੱਲੋਂ ਕੀਤੇ ਹਮਲਿਆਂ ’ਚ 9 ਫ਼ਲਸਤੀਨੀ ਮਾਰੇ ਗਏ। ਅਲ-ਅਕਸਾ ਸ਼ਹਾਦਤ ਹਸਪਤਾਲ ਮੁਤਾਬਕ ਜ਼ਵਾਇਦਾ ’ਚ ਇਕ ਘਰ ’ਤੇ ਹਮਲੇ ਦੌਰਾਨ ਛੇ ਫ਼ਲਸਤੀਨੀ ਮਾਰੇ ਗਏ। ਇਸੇ ਤਰ੍ਹਾਂ ਗਾਜ਼ਾ ਸ਼ਹਿਰ ਦੇ ਪੱਛਮ ’ਚ ਇਕ ਘਰ ’ਤੇ ਹਵਾਈ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ।
ਹਮਾਸ ਦੀ ਅਗਵਾਈ ਹੇਠਲੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਨੁਸਰਤ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ 16 ਵਿਅਕਤੀ ਮਾਰੇ ਗਏ ਜਦਕਿ 50 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਹਿਜ਼ਬੁੱਲਾ ਨੇ ਐਤਵਾਰ ਸਵੇਰੇ ਕਿਹਾ ਕਿ ਉਨ੍ਹਾਂ ਇਜ਼ਰਾਈਲ ਵੱਲ ਕਰੀਬ 20 ਰਾਕੇਟ ਦਾਗ਼ੇ ਜਿਸ ’ਚ ਇਕ ਇਜ਼ਰਾਇਲੀ ਵਿਅਕਤੀ ਜ਼ਖ਼ਮੀ ਹੋ ਗਿਆ। -ਏਪੀ