ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਕਿਸਾਨਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਮੁਜ਼ਾਹਰੇ
ਸਰਬਜੀਤ ਭੰਗੂ/ਗੁਰਦੀਪ ਲਾਲੀ/ਹਰਜੀਤ ਸਿੰਘ
ਪਟਿਆਲਾ/ ਸੰਗਰੂਰ/ਖਨੌਰੀ, 23 ਫਰਵਰੀ
ਇੱਥੇ ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਡਟੇ ਸੰਘਰਸ਼ੀ ਕਿਸਾਨਾਂ ਵੱਲੋਂ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਅਤੇ ਪੁਲੀਸ ਦੇ ਜਬਰ ਖ਼ਿਲਾਫ਼ ਅੱਜ ਕਾਲਾ ਦਿਵਸ ਮਨਾਇਆ ਗਿਆ। ਕਿਸਾਨਾਂ ਨੇ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ। ਇਸ ਮੌਕੇ ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫ਼ੂਕੇ। ਕਿਸਾਨਾਂ ਵੱਲੋਂ ਸ਼ੁਭਕਰਨ ਸਿੰਘ ਸਣੇ ਆਪਣੀ ਜਾਨਾਂ ਕਿਸਾਨੀ ਸੰਘਰਸ਼ ਦੇ ਲੇਖੇ ਲਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਸ਼ੁਭਕਰਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਸ ਘਟਨਾ ਦੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ। ਇਸ ਦੌਰਾਨ ਸ਼ੰਭੂ ਵਿੱਚ ਮੋਮਬੱਤੀ ਅਤੇ ਟਰੈਕਟਰ ਮਾਰਚ ਵੀ ਕੀਤੇ ਗਏ। ਤੇਪਲਾ ਮੋੜ ਤੋਂ ਸ਼ੁਰੂ ਹੋਇਆ ਇਹ ਮਾਰਚ ਸ਼ੰਭੂ ਬਾਰਡਰ ਨੇੜੇ ਸਮਾਪਤ ਹੋਇਆ।
ਖਨੌਰੀ ਵਿੱਚ ਅੱਜ ਦੋ ਵਾਰ ਮੋਦੀ ਅਤੇ ਖੱਟਰ ਦੇ ਪੁਤਲੇ ਫ਼ੂਕੇ ਗਏ। ਦਿਨ ਵੇਲੇ ਕਿਸਾਨਾਂ ਵੱਲੋਂ ਅਤੇ ਦੇਰ ਸ਼ਾਮ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਦੀ ਮੌਜੂਦਗੀ ਵਿਚ ਮੁੜ ਮੋਦੀ ਅਤੇ ਖੱਟਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਧੇਰ ਅਤੇ ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਦਿੱਲੀ ਵਿੱਚ ਉਹੀ ਮੰਗਾਂ ਲਾਗੂ ਕਰਾਉਣ ਲਈ ਜਾ ਰਹੇ ਸਨ, ਜਿਹੜੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਸੱਤਾ ਦੇ ਜ਼ੋਰ ’ਤੇ ਉਨ੍ਹਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਆਗੂਆਂ ਨੇ ਸ਼ੁਭਕਰਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਸ਼ੰਭੂ ਵਿੱਚ ਕਿਸਾਨਾਂ ਨੂੰ ਸੁਰਜੀਤ ਸਿੰਘ ਫੂਲ ਅਤੇ ਸਤਿਨਾਮ ਸਿੰਘ ਬਹਿਰੂ ਆਦਿ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇੱਥੇ ਕਿਸਾਨਾਂ ਨੇ ਵੱਖਰੇ ਤੌਰ ’ਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ।