For the best experience, open
https://m.punjabitribuneonline.com
on your mobile browser.
Advertisement

ਸੂਬੇ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਖ਼ਿਲਾਫ਼ ਕਾਂਗਰਸੀਆਂ ਵੱਲੋਂ ਮੁਜ਼ਾਹਰੇ

07:25 AM Sep 18, 2024 IST
ਸੂਬੇ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਖ਼ਿਲਾਫ਼ ਕਾਂਗਰਸੀਆਂ ਵੱਲੋਂ ਮੁਜ਼ਾਹਰੇ
ਲੁਧਿਆਣਾ ਵਿੱਚ ਡੀਐੱਸਪੀ (ਉੱਤਰੀ) ਦਫ਼ਤਰ ਅੱਗੇ ਰੋਸ ਪ੍ਰਗਟਾਉਂਦੇ ਹੋਏ ਕਾਂਗਰਸੀ ਕਾਰਕੁਨ। - ਫੋਟੋ: ਧੀਮਾਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 17 ਸਤੰਬਰ
ਪੰਜਾਬ ਵਿੱਚ ਦਿਨੋਂ-ਦਿਨ ਵਿਗੜਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ ਖ਼ਿਲਾਫ਼ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਵੱਖ-ਵੱਖ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਟੀਮ ਸਮੇਤ ਥਾਣਾ ਡਿਵੀਜ਼ਨ 7 ਦੇ ਬਾਹਰ ਬੈਠੇ, ਜਦਕਿ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਨੇ ਏਸੀਪੀ ਕੇਂਦਰੀ ਤੇ ਸਾਬਕਾ ਵਿਧਾਇਕ ਵੈਦ ਨੇ ਏਸੀਪੀ ਪੱਛਮੀ ਦੇ ਦਫ਼ਤਰ ਦੇ ਬਾਹਰ ਧਰਨੇ ਦਿੱਤੇ। ਕਾਂਗਰਸ ਵੱਲੋਂ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਤਿੰਨ ਘੰਟੇ ਤੱਕ ਧਰਨਾ ਦਿੱਤਾ ਗਿਆ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸਮੇਂ ਦੌਰਾਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਸਾਬਕਾ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਅਤੇ ਅਪਰਾਧੀ ਸ਼ਰ੍ਹੇਆਮ ਘੁੰਮ ਰਹੇ ਹਨ ਜਿਸ ਕਾਰਨ ਪੰਜਾਬ ਵਿੱਚ ਡਰ ਦਾ ਮਾਹੌਲ ਹੈ। ਇਸੇ ਦੌਰਾਨ ਪੱਛਮੀ ਏਸੀਪੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਸਰਕਾਰਾਂ ਨਹੀਂ ਸਗੋਂ ਗੁੰਡਿਆਂ ਅਤੇ ਗੈਂਗਸਟਾਰਾਂ ਦਾ ਰਾਜ ਚੱਲ ਰਿਹਾ ਹੈ। ਇਕੱਲੇ ਲੁਧਿਆਣਾ ਸ਼ਹਿਰ ਵਿੱਚ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਪੰਜਾਬ ਦਾ ਵਪਾਰੀ ਇੱਥੇ ਕਾਰੋਬਾਰ ਕਰਨ ਨੂੰ ਤਿਆਰ ਨਹੀਂ ਹੈ।
ਪਾਇਲ (ਦੇਵਿੰਦਰ ਸਿੰਘ ਜੱਗੀ): ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਡੀਐੱਸਪੀ ਪਾਇਲ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ‘ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਸਾਬਕਾ ਵਿਧਾਇਕ ਲੱਖਾ ਪਾਇਲ ਦੀ ਅਗਵਾਈ ਹੇਠ ਡੀਐੱਸਪੀ ਪਾਇਲ ਦੀਪਕ ਰਾਏ ਨੂੰ ਮੰਗ ਪੱਤਰ ਸੌਂਪਿਆ ਗਿਆ।
ਰਾਏਕੋਟ (ਸੰਤੋਖ ਗਿੱਲ): ਸੂਬੇ ਵਿੱਚ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੀ ਨਿੱਘਰ ਚੁੱਕੀ ਕਾਨੂੰਨ ਵਿਵਸਥਾ, ਲੁੱਟਾਂ-ਖੋਹਾਂ, ਨਸ਼ਾ ਤਸਕਰੀ, ਰਿਸ਼ਵਤਖ਼ੋਰੀ ਅਤੇ ਰਾਜਸੀ ਬਦਲਾਖੋਰੀ ਵਿਰੁੱਧ ਹਰੀ ਸਿੰਘ ਨਲੂਆ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਦਿਨ-ਦਿਹਾੜੇ ਰਾਹਗੀਰਾਂ ਨੂੰ ਹੀ ਨਹੀਂ ਸਗੋਂ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਅਤੇ ਨਸ਼ੇ ਕਾਰਨ ਮੌਤਾਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਵਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਦਰਬਾਰੇ ਰਿਸ਼ਵਤਖ਼ੋਰੀ ਹੱਦਾਂ-ਬੰਨ੍ਹੇ ਟੱਪ ਗਈ ਹੈ ਅਤੇ ਰਾਜਸੀ ਬਦਲਾਖੋਰੀ ਤਹਿਤ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਦਿਨ ਪੂਰੇ ਹੋ ਗਏ ਹਨ ਅਤੇ ਪੰਜਾਬ ਦੇ ਲੋਕ ਸੱਤਾ ਤਬਦੀਲੀ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਗੋਂਦਵਾਲ, ਬਲਾਕ ਪ੍ਰਧਾਨ ਜਗਦੀਪ ਸਿੰਘ ਰੱਤੋਵਾਲ ਤੇ ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

ਸੂਬੇ ਦੇ ਮੌਜੂਦਾ ਮਾੜੇ ਹਾਲਾਤ ਲਈ ਸਰਕਾਰ ਜ਼ਿੰਮੇਵਾਰ: ਡਾ. ਅਮਰ ਸਿੰਘ

ਸਮਰਾਲਾ ਵਿੱਚ ਧਰਨੇ ਦੌਰਾਨ ਸੰਸਦ ਮੈਂਬਰ ਡਾ. ਅਮਰ ਸਿੰਘ. ਹਲਕਾ ਇੰਚਾਰਜ ਰਾਜਾ ਗਿੱਲ ਅਤੇ ਹੋਰ ਆਗੂ।

ਸਮਰਾਲਾ (ਡੀ ਪੀ ਐੱਸ ਬੱਤਰਾ): ਇੱਥੇ ਸੈਂਕੜੇ ਕਾਂਗਰਸੀ ਵਰਕਰਾਂ ਤੇ ਹੋਰ ਆਗੂਆਂ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸ਼ਮੂਲੀਅਤ ਲਈ ਪੁੱਜੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਸੂਬੇ ਦੇ ਮੌਜੂਦਾ ਮਾੜੇ ਹਾਲਾਤ ਲਈ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਿਆ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸੂਬੇ ’ਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਬਾਅਦ ਵਿੱਚ ਕਾਂਗਰਸੀ ਆਗੂਆਂ ਵੱਲੋਂ ਰਾਜਾ ਗਿੱਲ ਦੀ ਅਗਵਾਈ ਹੇਠ ਡੀ.ਐੱਸ.ਪੀ. ਨੂੰ ਇੱਕ ਮੰਗ ਪੱਤਰ ਸੌਂਪ ਕੇ ਸਮਰਾਲਾ ਹਲਕੇ ’ਚ ਅਮਨ ਕਾਨੂੰਨ ਨੂੰ ਸਖ਼ਤੀ ਨਾਲ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ।

Advertisement

Advertisement
Author Image

Advertisement