ਵੱਖ ਵੱਖ ਥਾਵਾਂ ’ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਐੱਨਪੀ ਧਵਨ
ਪਠਾਨਕੋਟ, 26 ਜੁਲਾਈ
ਸਰਕਾਰੀ ਅਧਿਆਪਕ ਯੂਨੀਅਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮਟਕਾ ਤੋੜ ਪ੍ਰਦਰਸ਼ਨ ਦੋ ਥਾਵਾਂ ’ਤੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਭਾਸ਼ ਮਨਹਾਸ ਅਤੇ ਜਨਰਲ ਸਕੱਤਰ ਰਵੀ ਦੱਤ ਨੇ ਕਿਹਾ ਕਿ ਪੰਜਾਬ ਯੂਟੀ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਪਠਾਨਕੋਟ ਦੇ ਲਮੀਨੀ ਚੌਕ ਤੇ ਪਟੇਲ ਚੌਕ ਵਿੱਚ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਤੋੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਛੇਵਾਂ ਤਨਖਾਹ ਕਮਿਸ਼ਨ ਪੰਜਾਬ ਸਰਕਾਰ ਜਨਵਰੀ 2016 ਤੋਂ ਜਾਰੀ ਕਰੇ, ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆਂ ਜਾਣ, ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸੇ ਤਰ੍ਹਾਂ ਐੱਸਐੱਸਏ ਰਸਮਾ ਅਧਿਆਪਕ ਜੋ ਕੁੱਝ ਤਕਨੀਕੀ ਕਾਰਨਾਂ ਕਾਰਨ ਰੈਗੂਲਰ ਹੋਣ ਨੂੰ ਰਹਿ ਗਏ ਸਨ, ਨੂੰ ਰੈਗੂਲਰ ਕੀਤਾ ਜਾਵੇ।
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਪੀਪੇ ਖੜਕਾ ਕੇ ਮੁਜ਼ਾਹਰਾ
ਕਰਤਾਰਪੁਰ, (ਗੁਰਨੇਕ ਸਿੰਘ ਵਿਰਦੀ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਪਿੰਡਾਂ ਵਿੱਚ ਔਰਤਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਨੂੰ ਰੋਕਣ ਅਤੇ ਮਜ਼ਦੂਰਾਂ ਦੇ ਸਹਿਕਾਰੀ ਸਰਕਾਰੀ ਅਤੇ ਹਰ ਤਰ੍ਹਾਂ ਦੇ ਗੈਰ ਸਰਕਾਰੀ ਕਰਜ਼ੇ ਮੁਆਫ਼ ਕਰਨ ਲਈ ਪਿੰਡ ਦੁੱਗਰੀ ’ਚ ਪੀਪੇ ਖੜਕਾ ਕੇ ਸੂਬਾ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਿਕ ਅਗਸਤ ਤੱਕ ਸਾਰੀਆਂ ਕਿਸ਼ਤਾਂ ਉੱਪਰ ਰੋਕ ਲਗਾਈ ਗਈ ਹੈ।