ਸਿੱਖ ਕਤਲੇਆਮ ਖ਼ਿਲਾਫ਼ ਸੂਬੇ ਭਰ ’ਚ ਮੁਜ਼ਾਹਰੇ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਨਵੰਬਰ
ਕਿਰਤੀ ਕਿਸਾਨ ਯੂਨੀਅਨ ਨੇ 1984 ਦੇ ਸਿੱਖ ਕਤਲੇਆਮ ਖ਼ਿਲਾਫ਼ 3 ਨਵੰਬਰ ਨੂੰ ਸੂਬੇ ਭਰ ਵਿੱਚ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈੱਸ ਸਕੱਤਰ ਰਮਿੰਦਰ ਪਟਿਆਲਾ ਨੇ ਕਿਹਾ ਨੇ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤਣ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ਵਿੱਚ ਕੋਈ ਤਬਦੀਲੀ ਕੀਤੀ ਹੈ। ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿੱਚ ਕਾਂਗਰਸ ਤੇ ਆਰਐੱਸਐੱਸ ਦਾ ਵੱਡਾ ਹੱਥ ਸੀ, ਜਿਨ੍ਹਾਂ ਨੇ ਸੱਤਾ ਵਿੱਚ ਆਉਂਦਿਆ ਹੀ ਸਾਰੇ ਪੁਲੀਸ ਕੇਸ ਖਤਮ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਹਰ ਘੱਟ ਗਿਣਤੀ, ਬੁੱਧੀਜੀਵੀ, ਲੇਖਕ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਯੂਨੀਅਨ ਦੇ ਆਗੂਆਂ ਨੇ ਰੋਸ ਪ੍ਰਦਰਸ਼ਨਾਂ ਵਿੱਚ ਸਾਰਿਆਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਦੋ ਰੋਜ਼ਾ ਸਮਾਗਮ ਭਲਕ ਤੋਂ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਸਿੱਖ ਜਥੇਬੰਦੀ ਦਲ ਖਾਲਸਾ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ 40 ਸਾਲਾਂ ਦੀ ਯਾਦ ਵਿੱਚ ਦੋ ਰੋਜ਼ਾ ਸਮਾਗਮ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਾਰਟੀ ਦੀ ਅੰਤਰਿੰਗ ਕਮੇਟੀ ਵਿੱਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਭਾਈ ਹਰਪਾਲ ਸਿੰਘ ਚੀਮਾ ਨੇ ਕੀਤੀ। ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ 4 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿੱਚ ਸੈਮੀਨਾਰ ਅਤੇ 5 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਪੰਥਕ ਸਮਾਗਮ ਕਰਵਾਇਆ ਜਾਵੇਗਾ। ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਦੀ ਸਿੱਖ-ਵਿਰੋਧੀ ਨੀਤੀ ਅਤੇ ਮਾਰੂ ਪੈਂਤੜਿਆਂ ਦਾ ਭੇਤ ਅੱਜ ਦੁਨੀਆ ਸਾਹਮਣੇ ਸਹਿਜੇ-ਸਹਿਜੇ ਨਸ਼ਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਮੀਨਾਰ ਵਿੱਚ ਬੁਲਾਰੇ ਵਿਸ਼ਵ ਦੇ ਸਿੱਖਾਂ ਸਾਹਮਣੇ ਬਣੇ ਚਿੰਤਾਜਨਕ ਹਾਲਾਤ ਨਾਲ ਨਜਿੱਠਣ ਸਬੰਧੀ ਠੋਸ ਵਿਚਾਰ ਰੱਖਣਗੇ। ਮੀਟਿੰਗ ਵਿੱਚ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਮੰਡ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।