ਪੀਯੂ ਦੇ ਠੇਕਾ ਕਾਮਿਆਂ ਵੱਲੋਂ ਪਰਿਵਾਰਾਂ ਸਣੇ ਪ੍ਰਦਰਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੂਨ
ਪੰਜਾਬ ਯੂਨੀਵਰਸਿਟੀ ਦੇ ਮੈਂਟੀਨੈਂਸ ਦਫ਼ਤਰ ਵਿੱਚ ਠੇਕੇਦਾਰ ਅਧੀਨ ਕੰਮ ਕਰ ਰਹੇ ਕਾਮਿਆਂ ਦੇ ਰੁਜ਼ਗਾਰ ਬਹਾਲੀ ਲਈ ਉਨ੍ਹਾਂ ਨਾਲ ਹੋਈ ਪ੍ਰਸ਼ਾਸਨਿਕ ਵਾਅਦਾਖਿਲਾਫ਼ੀ ਉਪਰੰਤ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਧਰਨੇ ਦਾ ਅੱਜ 55ਵਾਂ ਦਿਨ ਸੀ। ਧਰਨੇ ਵਿੱਚ ਵਰਕਰਾਂ ਦੇ ਨਾਲ ਸ਼ਾਮਲ ਹੋਏ ਬੱਚਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅਥਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿਦਿਆਰਥੀ, ਰਿਸਰਚ ਸਕਾਲਰ, ਐਡਵੋਕੇਟ, ਕਿਸਾਨ ਯੂਨੀਅਨ, ਟਰੇਡ ਯੂਨੀਅਨ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦੇ ਵੀ ਸ਼ਾਮਲ ਹੋਏ।
ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਦੇ ਜਨਰਲ ਸਕੱਤਰ ਗਗਨਦੀਪ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੀਯੂ ਅਧਿਕਾਰੀਆਂ ਦੇ ਵਿਹਾਰ ਦੀ ਨਿਖੇਧੀ ਕੀਤੀ ਅਤੇ ਸਾਰੇ ਬਰਖ਼ਾਸਤ ਵਰਕਰਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਟਰੇਡ ਯੂਨੀਅਨ ਆਗੂ ਸਾਜਨ ਸਿੰਘ ਅਤੇ ਰਵਿੰਦਰ ਸਿੰਘ ਨੇ ਕਿਹਾ ਕਿ ਜੇ ‘ਵਰਸਿਟੀ ਦੇ ਅਧਿਕਾਰੀਆਂ ਨੇ ਮਸਲਾ ਹੱਲ ਨਾ ਕੀਤਾ ਤਾਂ ਉਹ ਆਪਣੇ ਬੈਨਰ ਲੈ ਕੇ ਧਰਨੇ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਪੀ.ਯੂ. ਅਥਾਰਿਟੀ ਪੰਜਾਬ ਯੂਨੀਵਰਸਿਟੀ ਵਿੱਚ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਠੇਕੇਦਾਰ ਇੱਥੋਂ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਗਰੀਬ ਅਤੇ ਦਿਹਾੜੀਦਾਰ ਵਰਕਰਾਂ ਨੂੰ ਤੰਗ ਕਰਦੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮੈਂਟੀਨੈਂਸ ਦਫ਼ਤਰ ਵਿੱਚੋਂ ਕੱਢੇ ਗਏ ਇਨ੍ਹਾਂ 40 ਦੇ ਕਰੀਬ ਵਰਕਰਾਂ ਨੂੰ ਤੁਰੰਤ ਕੰਮ ‘ਤੇ ਲਗਾਇਆ ਜਾਵੇ ਅਤੇ ਭਵਿੱਖ ਵਿੱਚ ਸਾਰੀਆਂ ਭਰਤੀਆਂ ਰੈਗੂਲਰ ਅਤੇ ਸਥਾਈ ਤੌਰ ‘ਤੇ ਕੀਤੀਆਂ ਜਾਣ। ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਜੇ ਜਲਦ ਤੋਂ ਜਲਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਵਾਈਸ ਚਾਂਸਲਰ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।