ਰਿਟਾਇਰਡ ਐਂਪਲਾਈਜ਼ ਮੰਚ ਵੱਲੋਂ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 12 ਜੂਨ
ਚੰਡੀਗੜ੍ਹ ਰਿਟਾਇਰਡ ਐਂਪਲਾਈਜ਼ ਮੰਚ ਵੱਲੋਂ ਬੀਤੇ ਦਿਨ ਸੈਕਟਰ 25 ਵਿੱਚ ਸਰਕਾਰ ਅਤੇ ਨਗਰ ਨਿਗਮ ਕਰਮਚਾਰੀ ਅਤੇ ਵਰਕਰ ਯੂ.ਟੀ. ਚੰਡੀਗੜ੍ਹ ਦੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਕਾਲੀਆਂ ਝੰਡੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਮੰਚ ਦੇ ਪ੍ਰਧਾਨ ਗੁਰਦੇਵ ਸਿੰਘ, ਜਨਰਲ ਸਕੱਤਰ ਕਿਸ਼ੋਰੀ ਲਾਲ ਆਦਿ ਨੇ ਕਿਹਾ ਕਿ ਯੂ.ਟੀ. ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਵਿੱਚ ਲਟਕ ਰਹੇ ਪੈਨਸ਼ਨ ਕੇਸਾਂ ਅਤੇ ਮੈਡੀਕਲ ਸ਼ਿਕਾਇਤਾਂ ਦੇ ਨਿਪਟਾਰੇ ਨਹੀਂ ਕੀਤੇ ਜਾ ਰਹੇ ਹਨ, ਜਿਸ ਕਰ ਕੇ ਆਪਣੀ ਪੂਰੀ ਜ਼ਿੰਦਗੀ ਸੇਵਾ ਕਰ ਚੁੱਕੇ ਪੈਨਸ਼ਨਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਯੂ.ਟੀ. ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਲੋਕ ਅਦਾਲਤ ਲਗਾਈ ਜਾਵੇ ਜਿਸ ਵਿੱਚ ਪੈਨਸ਼ਨ ਕੇਸਾਂ ਅਤੇ ਮੈਡੀਕਲ ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਜਾਵੇ।
ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ 11 ਅਗਸਤ ਨੂੰ ਯੂ.ਟੀ. ਸਕੱਤਰੇਤ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਲ ਹੋ ਕੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਰੋਸ ਪ੍ਰਦਰਸ਼ਨ ਵਿੱਚ ਜਲ ਸਪਲਾਈ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ, ਸਪੋਰਟਸ ਲੇਕ ਕਲੱਬ ਯੂਨੀਅਨ ਦੇ ਪ੍ਰਧਾਨ ਅਜੈਬ ਸਿੰਘ, ਮੰਚ ਦੇ ਕਨਵੀਨਰ ਰਾਮਫਲ, ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਤੇ ਰਿਖੀ ਰਾਮ ਆਦਿ ਵੀ ਹਾਜ਼ਰ ਸਨ।