ਗੁਗਰਾਂ ਬੇਹੜੀਆਂ ਸੜਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਮੁਜ਼ਾਹਰਾ
ਐਨ.ਪੀ. ਧਵਨ
ਪਠਾਨਕੋਟ, 2 ਸਤੰਬਰ
ਸੁਜਾਨਪੁਰ ਦੇ ਗੁਗਰਾਂ ਬੇਹੜੀਆਂ ਰੋਡ ’ਤੇ ਓਵਰਲੋਡ ਵਾਹਨਾਂ ਦੀ ਆਵਾਜਾਈ ਬੰਦ ਕਰਵਾਉਣ ਲਈ ਸਾਬਕਾ ਵਿਧਾਇਕ ਦਿਨੇਸ਼ ਬੱਬੂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਕੌਮੀ ਮਾਰਗ ’ਤੇ ਚੱਕਾ ਜਾਮ ਕੀਤਾ। ਚੱਕਾ ਜਾਮ ਕਰਨ ਵਾਲਿਆਂ ਵਿੱਚ ਭਾਜਪਾ ਦੇ ਇਕਾਈ ਪ੍ਰਧਾਨ ਰੂਪ ਲਾਲ, ਕੌਂਸਲਰ ਅਸ਼ੋਕ ਬਾਬਾ, ਅਸ਼ਵਨੀ ਸ਼ਰਮਾ, ਰਾਜੇਸ਼ ਮਹਾਜਨ ਲਾਟੂ, ਸਮਾਜ ਸੇਵਕ ਕੌਂਸਲਰ ਦੁਆਰਕਾ ਦਾਸ, ਕੌਂਸਲਰ ਰਿਤੂ ਬਾਲਾ, ਸਰਪੰਚ ਤਰਸੇਮ ਲਾਲ ਤੇ ਵਿਸ਼ਵਜੀਤ ਆਦਿ ਹਾਜ਼ਰ ਸਨ। ਇਸ ਮੌਕੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਅਤੇ ਭਾਜਪਾ ਕੌਂਸਲਰ ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਬਰਸਾਤੀ ਮੌਸਮ ਹੋਣ ਕਰਕੇ ਮਾਈਨਿੰਗ ਬੰਦ ਹੈ ਪਰ ਉਸ ਦੇ ਬਾਵਜੂਦ ਵੀ ਇਸ ਸੜਕ ਤੋਂ ਰੋਜ਼ਾਨਾ ਕਰੱਸ਼ਰ ਸਮੱਗਰੀ ਨਾਲ ਭਰੇ ਟਰੱਕ ਤੇ ਟਿੱਪਰ ਲੰਘਦੇ ਹਨ। ਜਦ ਕਿ 15 ਸਾਲ ਬਾਅਦ ਉਕਤ ਸੜਕ ਬਣੀ ਹੈ। ਇਸ ਸੜਕ ਦੀ ਸਮਰੱਥਾ 20 ਟਨ ਦੀ ਹੈ ਪਰ ਇੱਥੋਂ ਰੋਜ਼ਾਨਾ 100 ਟਨ ਬੱਜਰੀ ਨਾਲ ਭਰੇ ਵਾਹਨ ਲੰਘਦੇ ਹਨ। ਅਜਿਹੇ ਵਿੱਚ ਇਨ੍ਹਾਂ ਵਾਹਨਾਂ ਦੇ ਲੰਘਣ ਨਾਲ ਸੜਕ ਦੀ ਹਾਲਤ ਖਸਤਾ ਹੋ ਜਾਵੇਗੀ। ਹਰ ਸਮੇਂ ਹਾਦਸਿਆਂ ਦਾ ਵੀ ਖਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਮਾਈਨਿੰਗ ਬੰਦ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਅਜਿਹਾ ਹੋ ਰਿਹਾ ਹੈ। ਜੋ ਲੋਕ ਇਸ ਖਿਲਾਫ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਮੁਜ਼ਾਹਰੇ ਵਾਲੀ ਥਾਂ ਪੁੱਜੇ ਸੁਜਾਨਪੁਰ ਦੇ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮਾਮਲਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰਾਹ ਨੂੰ ਓਵਰਲੋਡ ਵਾਹਨਾਂ ਲਈ ਬੰਦ ਕਰਵਾ ਦਿੱਤਾ ਹੈ।