ਜੁਗਾੜੂ ਰੇਹੜੀਆਂ ਬੰਦ ਕਰਵਾਉਣ ਲਈ ਮੁਜ਼ਾਹਰਾ
ਸੰਤੋਖ ਗਿੱਲ
ਰਾਏਕੋਟ, 6 ਅਗਸਤ
ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਅਤੇ ਯੂਨਾਈਟਿਡ ਟਰੇਡ ਯੂਨੀਅਨ ਦੇ ਸੱਦੇ ’ਤੇ ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਬਰਨਾਲਾ ਚੌਕ ਵਿੱਚ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਸਮੇਤ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਪੀਟਰ ਰੇਹੜੇ ਅਤੇ ਮੋਟਰਸਾਈਕਲ ਰੇਹੜੀਆਂ ਵਾਲੇ ਸ਼ਰੇਆਮ ਆਵਾਜਾਈ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਆਦੇਸ਼ ਨੂੰ ਲਾਗੂ ਕਰਨ ਲਈ ਵਧੀਕ ਡਾਇਰੈਕਟਰ ਜਨਰਲ ਪੁਲੀਸ ਵੱਲੋਂ ਪਿਛਲੇ ਸਾਲ 18 ਅਪਰੈਲ ਨੂੰ ਜਾਰੀ ਕੀਤੇ ਪੱਤਰ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।
ਮਿਨੀ ਟਰਾਂਸਪੋਰਟ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਜੁਗਾੜੂ ਰੇਹੜੀ ਵਾਲੇ ਲੰਬਾ ਸਰੀਆ, ਲੋਹੇ ਦੀਆਂ ਪਾਈਪਾਂ ਸਮੇਤ ਹੋਰ ਭਾਰੀ ਸਮਾਨ ਲੱਦ ਕੇ ਸੜਕਾਂ ਉਪਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਸਵਾਰੀ ਢੋਣ ਵਾਲੇ ਆਟੋਰਿਕਸ਼ਾ ਅਤੇ ਈ-ਰਿਕਸ਼ਾ ਉਪਰ ਭਾਰ ਢੋਣ ’ਤੇ ਵੀ ਪਾਬੰਦੀ ਦੀ ਮੰਗ ਕੀਤੀ ਹੈ। ਅਜਿਹੀਆਂ ਜੁਗਾੜੂ ਰੇਹੜੀਆਂ ਬਣਾਉਣ ਵਾਲੀਆਂ ਵਰਕਸ਼ਾਪਾਂ ਉਪਰ ਵੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਰੋਨਾ ਦੀ ਮਾਰ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਛੋਟੇ ਟਰਾਂਸਪੋਰਟ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਅਧਿਕਾਰੀਆਂ, ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ-ਪੱਤਰ ਦੇਣ ਦੇ ਬਾਵਜੂਦ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਡਰਾਈਵਰ ਦੀ ਮੌਤ ਸਮੇਂ 50 ਲੱਖ ਮੁਆਵਜ਼ੇ ਦੀ ਮੰਗ ਕੀਤੀ ਹੈ। ਟੈਕਸ ਵਿੱਚ ਛੋਟ, ਗੱਡੀਆਂ ਦੀ ਪਾਸਿੰਗ ਵਿੱਚ ਖੱਜਲ-ਖ਼ੁਆਰੀ ਬੰਦ ਕਰਨ ਦੀ ਵੀ ਮੰਗ ਕੀਤੀ ਹੈ। ਟਰਾਂਸਪੋਰਟ ਆਗੂ ਰੇਸ਼ਮ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।