ਕਰੰਟ ਨਾਲ ਮੌਤ ਦੇ ਮਾਮਲੇ ਵਿੱਚ ਸਿਰਸਾ-ਰਾਣੀਆਂ ਸੜਕ ’ਤੇ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਅਪਰੈਲ
ਇਥੋਂ ਦੇ ਰਾਣੀਆਂ ਕਸਬੇ ’ਚ ਬੀਤੇ ਦਿਨ ਮੋਬਾਈਲ ਮਾਰਕੀਟ ਨੇੜੇ ਵਾਪਰੇ ਹਾਦਸੇ ਵਿੱਚ ਕਰੰਟ ਲੱਗਣ ਨਾਲ ਹੋਈ ਇਕ ਵਿਅਕਤੀ ਦੀ ਮੌਤ ਮਗਰੋਂ ਰੋਹ ’ਚ ਆਏ ਲੋਕਾਂ ਨੇ ਸਿਰਸਾ ਰਾਣੀਆਂ ਸੜਕ ’ਤੇ ਧਰਨਾ ਦੇ ਕੇ ਸੜਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੜਕ ਜਾਮ ਕਰਨ ਦੀ ਸੂਚਨਾ ਮਿਲਣ ਮਗਰੋਂ ਰਾਣੀਆਂ ਥਾਣਾ ਇੰਚਾਰਜ ਪੁਲੀਸ ਬਲ ਨਾਲ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ’ਤੇ ਬਾਜ਼ਿੱਦ ਰਹੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਫ ਨਗਰਾਣਾ ਦੇ ਦੋ ਨੌਜਵਾਨ ਕਿਸੇ ਕੰਮ ਲਈ ਰਾਣੀਆਂ ਸਥਿਤ ਮੋਬਾਈਲ ਬਾਜ਼ਾਰ ਗਏ ਸਨ। ਇਸੇ ਦੌਰਾਨ ਬਿਜਲੀ ਦੀ ਇਕ ਤਾਰ ਟੁੱਟ ਕੇ ਉਨ੍ਹਾਂ ’ਤੇ ਡਿੱਗ ਪਈ ਜਿਸ ਨਾਲ ਬੰਟੀ ਨਾਂ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਦੋਂਕਿ ਦੂਜਾ ਨੌਜਵਾਨ ਜ਼ਖ਼ਮੀ ਹੋ ਗਿਆ। ਪਿੰਡ ਨਗਰਾਣਾ ਦੇ ਲੋਕ ਇਕੱਠੇ ਹੋ ਕੇ ਮੰਗ ਕਰ ਰਹੇ ਸਨ ਕਿ ਬਿਜਲੀ ਵਿਭਾਗ ਤੇ ਕੇਬਲ ਅਪਰੇਟਰ ਦੀ ਲਾਪ੍ਰਵਾਈ ਕਾਰਨ ਬਿਜਲੀ ਦੀ ਤਾਰ ਟੁੱਟੀ ਹੈ, ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕੇਬਲ ਅਪਰੇਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਬਿਜਲੀ ਦੇ ਖੰਬਿਆਂ ’ਤੇ ਲਾਈਆਂ ਕੇਬਲ ਦੀਆਂ ਤਾਰਾਂ ਨੂੰ ਤੁਰੰਤ ਹਟਾਇਆ ਜਾਵੇ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੇਬਲ ਅਪਰੇਟਰ ਵੱਲੋਂ ਖੰਬਿਆਂ ’ਤੇ ਲਾਈ ਗਈ ਤਾਰ ਨੂੰ ਹਟਵਾਇਆ ਜਾਵੇਗਾ ਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਮਗਰੋਂ ਲੋਕ ਸ਼ਾਂਤ ਹੋਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਪਿੰਡ ਨਗਰਾਣਾ ਤੇ ਹੋਰਾਂ ਪਿੰਡਾਂ ਦੇ ਲੋਕ ਮੌਜੂਦ ਸਨ।