ਕਿਸਾਨਾਂ, ਮਜ਼ਦੂਰਾਂ ਤੇ ਕਿਰਤੀਆਂ ਵੱਲੋਂ ਭਾਰਤ ਛੱਡੋ ਦਿਵਸ ’ਤੇ ਪ੍ਰਦਰਸ਼ਨ
ਪੱਤਰ ਪ੍ਰੇਰਕ
ਤਰਨਤਾਰਨ, 9 ਅਗਸਤ
ਕਾਰਪੋਰੇਟ ਘਰਾਣਿਆਂ ਵਲੋਂ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਖਿਲਾਫ਼ ‘ਭਾਰਤ ਛੱਡੋ ਅੰਦੋਲਨ ਦਿਵਸ’ ਤੇ ਅੱਜ ਕਿਸਾਨਾਂ-ਮਜ਼ਦੂਰਾਂ, ਕਿਰਤੀਆਂ ਆਦਿ ਵਰਗਾਂ ਵਲੋਂ ਜਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਧਰਨੇ, ਮੁਜ਼ਾਹਰੇ, ਰੈਲੀਆਂ ਆਦਿ ਕੀਤੀਆਂ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ| ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਧਿਰਾਂ ਨੇ ਅੱਜ ਇਕ ਰੈਲੀ ਕਰਕੇ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ| ਜਥੇਬੰਦੀਆਂ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਰਵੀ, ਨਛੱਤਰ ਸਿੰਘ ਮੁਗ਼ਲ ਚੱਕ, ਬਲਬੀਰ ਸਿੰਘ ਝਾਮਕਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ‘ਕਾਰਪੋਰੇਟ ਲੁਟੇਰਿਓ, ਭਾਰਤ ਛੱਡੋ, ਖੇਤੀ ਛੱਡੋ’ ਦੀ ਮੰਗ ਕੀਤੀ। ਆਂਗਨਵਾੜੀ ਮੁਲਾਜਮ ਯੂਨੀਅਨ (ਸੀਟੂ) ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਜਥੇਬੰਦੀ ਦੀ ਜਿਲ੍ਹਾ ਪ੍ਰਧਾਨ ਅਨੂਪ ਕੌਰ ਤੇ ਜਨਰਲ ਸਕੱਤਰ ਬੇਅੰਤ ਕੌਰ ਢੋਟੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਘੰਟਿਆਂ ਤੱਕ ਲਈ ਧਰਨਾ ਦਿੱਤਾ ਅਤੇ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੀ ਸ਼ਹਿ ’ਤੇ ਆਂਗਨਵਾੜੀ ਕੇਂਦਰ ਬੰਦ ਕਰਨ ਦੀ ਚੱਲੀ ਜਾ ਰਹੀ ਚਾਲ ਨੂੰ ਅਸਫਲ ਕਰਨ ਦਾ ਪ੍ਣ ਲਿਆ| ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਹੀ ਸੀਟੂ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਵਰਕਰਾਂ ਨੇ ‘ਲੋਕ ਬਚਾਉ, ਦੇਸ਼ ਬਚਾਉ, ਸੰਵਿਧਾਨ ਬਚਾਉ, ਮੋਦੀ ਭਜਾਉ, ਨਾਅਰੇ’ ਹੇਠ ਵਿਸ਼ਾਲ ਇੱਕਠ ਕੀਤਾ ਅਤੇ ਮਜ਼ਦੂਰ ਵਰਗਾਂ ਦੀਆਂ ਮੰਗਾਂ ਮੰਨੇ ਜਾਣ ’ਤੇ ਜੋ਼ਰ ਦਿੱਤਾ| ਗੌਰਮਿੰਟ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਵਿੱਚ ਇਕ ਫਿਰਕੇ ਦੇ ਘਰਾਂ ਦੀ ਸਾੜਫੂਕ, ਕਤਲੋਗਾਰਤ ਤੇ ਔਰਤਾਂ ਵਿਰੁੱਧ ਘਿਣਾਉਣਾ ਅਪਰਾਧ ਕਰਨ ਵਾਲੇ ਜਥੇਬੰਦ ਗੁੰਡਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਗ੍ਰਿਫ਼ਤਾਰ ਕਰਨ ਤੇ ਜੋਰ ਦਿੱਤਾ। ਇਸ ਸਬੰਧੀ ਜਥੇਬੰਦੀ ਦੀ ਮੀਟਿੰਗ ਨੂੰ ਜਸਵਿੰਦਰ ਸਿੰਘ ਮਾਣੋਚਾਹਲ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ|
ਮੋਦੀ ਸਰਕਾਰ ਦੇਸ਼ ਦੇ ਸਾਰੇ ਵਪਾਰਕ ਅਤੇ ਜਨਤਕ ਅਦਾਰੇ ਆਪਣੇ ਮਿੱਤਰਾਂ ਨੂੰ ਦੇਣ ਦੇ ਰੌਂਅ ’ਚ: ਰਿੰਕੂ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪਾਰਲੀਮੈਂਟ ਦੇ ਬਾਹਰ ਧਰਨੇ ’ਤੇ ਬੈਠੇ ਜਲੰਧਰ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਲੋਕਤੰਤਰੀ ਢਾਂਚੇ ਨੂੰ ਬਚਾਉਣ ਲਈ ਸੱਦਾ ਦਿੰਦਿਆ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਸ਼ੁਸ਼ੀਲ ਰਿੰਕੂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਅੱਜ ਤੋਂ ਂ 81 ਸਾਲ ਪਹਿਲਾਂ `ਭਾਰਤ ਛੱਡੋ ਅੰਦੋਲਨ` ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਾਤਮਾ ਗਾਂਧੀ ਅਤੇ ਡਾ.ਬੀ.ਆਰ.ਅੰਬੇਦਕਰ ਦੀ ਵਿਚਾਰਧਾਰਾ ’ਤੇ ਚੱਲਦਿਆਂ ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਲਾਮਬੰਦ ਹੋਣਾ ਚਾਹੀਦਾ ਹੈ। ਸ਼੍ਰੀ ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਸਾਰੇ ਵਪਾਰਕ ਅਤੇ ਪਬਲਿਕ ਅਦਾਰਿਆਂ ’ਤੇ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਦੇਸ਼ ਦਾ ਛੋਟਾ ਵਪਾਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਚ ਲੋਕਾਂ ਨੂੰ ਰੋਜ਼ਗਾਰ ਮਿਲਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕਤੰਤਰੀ ਪ੍ਰਕਿਰਿਆ ਨੂੰ ਬਰਕਰਾਰ ਰੱਖਣ ਲਈ ਕੇਂਦਰ ਸਰਕਾਰ ਨੂੰ ਚੱਲਦਾ ਕਰਨਾ ਬਹੁਤ ਜਰੂਰੀ ਹੈ।
ਸ਼ੁਸ਼ੀਲ ਰਿੰਕੂ ਨੇ ਕਿਹਾ ਕਿ ਸਾਲ 2024 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਹੁਤ ਅਹਿਮ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਵਿਚ ਸੰਘੀ ਢਾਂਚੇ ਅਤੇ ਲੋਕਤੰਤਰ ਨੂੰ ਬਚਾਉਣ ਲਈ ਚੋਣਾਂ ਦੌਰਾਨ ਮੋਦੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ।