ਬਜਟ ’ਚ ਗ਼ੈਰ-ਭਾਜਪਾ ਸੂਬਿਆਂ ਨਾਲ ਵਿਤਕਰੇ ਖ਼ਿਲਾਫ਼ ‘ਇੰਡੀਆ’ ਗੱਠਜੋੜ ਦਾ ਪ੍ਰਦਰਸ਼ਨ ਅੱਜ
ਨਵੀਂ ਦਿੱਲੀ, 23 ਜੁਲਾਈ
‘ਇੰਡੀਆ’ ਗੱਠਜੋੜ ਨੇ ਅੱਜ ਕੇਂਦਰੀ ਬਜਟ ਵਿੱਚ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਸੂਬਿਆਂ ਨਾਲ ‘ਪੱਖਪਾਤ’ ਕਰਨ ਦਾ ਦੋਸ਼ ਲਾਉਂਦਿਆਂ ਫ਼ੈਸਲਾ ਕੀਤਾ ਕਿ ਉਹ ਇਸ ਖ਼ਿਲਾਫ਼ 24 ਜੁਲਾਈ ਨੂੰ ਸੰਸਦ ਦੇ ਅੰਦਰ ਤੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਫ਼ੈਸਲਾ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੀ 10 ਰਾਜਾਜੀ ਮਾਰਗ ਸਥਿਤ ਰਿਹਾਇਸ਼ ’ਤੇ ਸ਼ਾਮ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ। ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਦੇਸ਼ ਪੇਸ਼ ਕੀਤਾ ਬਜਟ ਪੂਰੀ ਤਰ੍ਹਾਂ ਪੱਖਪਾਤੀ ਹੈ ਅਤੇ ਇਸ ਵਿੱਚ ਗੈਰ-ਭਾਜਪਾ ਸੂਬਿਆਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਗਿਆ ਹੈ। ਵਿੱਚ ਖੜਗੇ ਤੋਂ ਇਲਾਵਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਮੋਦ ਤਿਵਾੜੀ, ਗੌਰਵ ਗੋਗੋਈ, ਐੱਨਸੀਪੀ (ਐੱਸਸੀਪੀ) ਮੁਖੀ ਸ਼ਰਦ ਯਾਦਵ, ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ, ਟੀਐੱਮਸੀ ਦੇ ਆਗੂ ਡੈਰੇਕ ਓ’ਬਰਾਇਨ ਅਤੇ ਕਲਿਅਣ ਬੈਨਰਜੀ, ਡੀਐੱਮਕੇ ਦੇ ਟੀਆਰ ਬਾਲੂ, ਜੇਐੱਮਐੱਮ ਦੇ ਮਹੂਆ ਮਾਜੀ, ‘ਆਪ’ ਦੇ ਰਾਘਵ ਚੱਢਾ ਤੇ ਸੰਜੈ ਸਿੰਘ, ਸੀਪੀਆਈ(ਐੱਮ) ਦੇ ਜੌਹਨ ਬ੍ਰਿਟਾਸ ਆਦਿ ਮੌਜੂਦ ਸਨ। -ਪੀਟੀਆਈ
ਮੋਦੀ ਸਰਕਾਰ ਬਚਾਉਣ ਵਾਲਾ ਬਜਟ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਬਜਟ ਨੂੰ ਨਕਲ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਦੇਸ਼ ਦੀ ਤਰੱਕੀ ਲਈ ਨਹੀਂ ਸਗੋਂ ਮੋਦੀ ਸਰਕਾਰ ਬਚਾਉਣ ਵਾਲਾ ਬਜਟ ਹੈ। ਖੜਗੇ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਮੋਦੀ ਸਰਕਾਰ ਕਾਂਗਰਸ ਦੇ ਨਿਆਏ ਪੱਤਰ ਦੀ ਸਹੀ ਢੰਗ ਨਾਲ ਨਕਲ ਵੀ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਗੱਠਜੋੜ ਭਾਈਵਾਲਾਂ ਨੂੰ ਭਰਮਾਉਣ ਲਈ ਬੇਦਿਲੀ ਨਾਲ ਰਿਉੜੀਆਂ ਵੰਡ ਰਿਹਾ ਹੈ ਤਾਂ ਜੋ ਐੱਨਡੀਏ ਬਚਿਆ ਰਹੇ। ਖੜਗੇ ਨੇ ਕਿਹਾ ਕਿ 10 ਸਾਲਾਂ ਮਗਰੋਂ ਨੌਜਵਾਨਾਂ ਲਈ ਸੀਮਤ ਐਲਾਨ ਕੀਤੇ ਗਏ ਹਨ ਜਦਕਿ ਉਹ ਹਰ ਸਾਲ ਦੋ ਕਰੋੜ ਨੌਕਰੀਆਂ ਦੇ ਨਾਅਰੇ ਸੁਣਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਸਿਰਫ਼ ਹਵਾਈ ਗੱਲਾਂ ਕੀਤੀਆਂ ਗਈਆਂ ਹਨ ਅਤੇ ਫ਼ਸਲਾਂ ’ਤੇ ਐੱਮਐੱਸਪੀ ਤੇ ਆਮਦਨ ਦੁੱਗਣੀ ਕਰਨ ਜਿਹੇ ਵਾਅਦੇ ਚੋਣ ਧੋਖਾਧੜੀ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦਲਿਤਾਂ, ਆਦਿਵਾਸੀਆਂ, ਪਛੜੇ ਵਰਗਾਂ, ਘੱਟ ਗਿਣਤੀਆਂ, ਮੱਧ ਵਰਗ ਅਤੇ ਪਿੰਡਾਂ ਦੇ ਲੋਕਾਂ ਲਈ ਕੋਈ ਇਨਕਲਾਬੀ ਯੋਜਨਾਵਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਖੇਤੀ, ਸਿਹਤ, ਸਿੱਖਿਆ, ਜਨ ਭਲਾਈ ਅਤੇ ਆਦਿਵਾਸੀਆਂ ਲਈ ਬਹੁਤ ਘੱਟ ਪੈਸਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਪੂੰਜੀ ਖ਼ਰਚੇ ’ਤੇ ਇਕ ਲੱਖ ਕਰੋੜ ਰੁਪਏ ਖ਼ਰਚੇ ਗਏ ਹਨ ਤਾਂ ਫਿਰ ਨੌਕਰੀਆਂ ਕਿਵੇਂ ਵਧਣਗੀਆਂ। ਉਨ੍ਹਾਂ ਆਖਿਆ ਕਿ ਬਜਟ ’ਚ ਰੇਲਵੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ। -ਪੀਟੀਆਈ