ਕੈਨੇਡਾ ਵਿੱਚ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ’ਚ ਪ੍ਰਦਰਸ਼ਨ
ਜਤਿੰਦਰ ਬੈੈਂਸ
ਗੁਰਦਾਸਪੁਰ, 18 ਅਕਤੂਬਰ
ਕੈਨੇਡਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਵਿਦਿਆਰਥੀਆਂ ਵੱਲੋਂ ਕੈਨੇਡਾ ’ਚ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਦੇ ਗੇਟ ਅੱਗੇ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਨੇ ਕਿਹਾ ਕਿ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਖ਼ਿਲਾਫ਼ ਬਰੈਂਪਟਨ ਵਿੱਚ ਕੌਮਾਂਤਰੀ ਪਾੜ੍ਹਿਆਂ ਤੇ ਕਾਮਿਆਂ ਦਾ ਦਿਨ-ਰਾਤ ਦਾ ਧਰਨਾ ਦੂਜੇ ਮਹੀਨੇ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਇਸ ਸਾਲ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਪੱਧਰ ਉੱਤੇ ਬਦਲਾਅ ਨਾਲ ਕੈਨੇਡਾ ਪੜ੍ਹਨ ਤੇ ਪੱਕੇ ਵੱਸਣ ਦੇ ਸੁਫ਼ਨੇ ਲੈ ਕੇ ਗਏ ਕੌਮਾਂਤਰੀ ਪੱਧਰ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਨਿਰਾਸ਼ਾ ਵਿੱਚ ਘਿਰੇ ਨੌਜਵਾਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਤੇ ਉਨ੍ਹਾਂ ਵਿੱਚ ਪੰਜਾਬੀ ਵਿੱਚ ਸ਼ਾਮਲ ਹਨ, ਕਈ ਮਹੀਨਿਆਂ ਤੋਂ ਰੋਸ ਦਿਖਾਵੇ ਕਰ ਰਹੇ ਹਨ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਸਾਲ ਦੇ ਅੰਤ ਤੱਕ ਇੱਕ ਲੱਖ ਤੀਹ ਹਜ਼ਾਰ ਤੇ ਅਗਲੇ ਸਾਲ ਪੰਜ ਲੱਖ ਕਾਮਿਆਂ ਦਾ ਵਰਕ ਪਰਮਿਟ ਮੁੱਕ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਕੈਨੇਡਾ ਵਿੱਚ ਸੰਘਰਸ਼ਸ਼ੀਲ ਵਿਦਿਆਰਥੀਆਂ ਦੇ ਹੱਕ ਵਿੱਚ ਵਿਦਿਅਕ ਸੰਸਥਾਵਾਂ ਅੰਦਰ ਰੋਸ ਪ੍ਰਦਰਸ਼ਨ ਕਰ ਕੇ ਇਕਜੁੱਟਤਾ ਜ਼ਾਹਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਹਮ, ਹਰਸਿਮਰਨ ਪ੍ਰੀਤ, ਗੌਤਮ, ਜੋਗਰਾਜ ਅਤੇ ਯੂਨੀਅਨ ਆਗੂ ਹਰੀ ਨੇ ਵੀ ਸੰਬੋਧਨ ਕੀਤਾ।