ਤਨਖਾਹਾਂ ਤੋਂ ਵਾਂਝੇ ਜੰਗਲਾਤ ਕਾਮਿਆਂ ਵੱਲੋਂ ਰੇਂਜ ਦਫ਼ਤਰ ਅੱਗੇ ਪ੍ਰਦਰਸ਼ਨ
ਪੱਤਰ ਪ੍ਰੇਰਕ
ਮੁਕੇਰੀਆਂ, 28 ਅਕਤੂਬਰ
ਸਤੰਬਰ ਮਹੀਨੇ ਦੀ ਤਨਖਾਹ ਨਾ ਮਿਲਣ ’ਤੇ ਜੰਗਲਾਤ ਕਾਮਿਆਂ ਵੱਲੋਂ ਡੈਮੋਕ੍ਰੈਟਿਕ ਜੰਗਲਾਤ ਯੂਨੀਅਨ ਦੀ ਅਗਵਾਈ ਵਿੱਚ ਅੱਜ ਇੱਥੋਂ ਦੇ ਰੇਂਜ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਜਥੇਬੰਦੀ ਦੇ ਡਿਵੀਜ਼ਨ ਪ੍ਰਧਾਨ ਮਹਿੰਦਰਪਾਲ ਜੋਗੀਆਣਾ, ਰੇਂਜ ਪ੍ਰਧਾਨ ਹਰਦੇਵ ਸਿੰਘ ਲੋਹਗੜ੍ਹ, ਮੀਤ ਪ੍ਰਧਾਨ ਸ਼ਿਵ ਦਿਆਲ ਪੰਡੋਰੀ, ਜਨਰਲ ਸਕੱਤਰ ਬਲਵੀਰ ਕੁਮਾਰ ਖਿੱਚੀਆਂ, ਵਿੱਤ ਸਕੱਤਰ ਰਮਨਦੀਪ ਸਿੰਘ ਤੱਗੜ ਖ਼ੁਰਦ, ਜੁਆਇੰਟ ਸਕੱਤਰ ਬੋਧ ਰਾਜ ਅਲੀਪੁਰ, ਬੀਬੀ ਸ਼ੌਂਕੀ ਕੁਮਾਰੀ ਮੁਰਾਦਪੁਰ ਜੱਟਾਂ ਅਤੇ ਮਨਰੇਗਾ ਵਰਕਰਜ਼ ਯੂਨੀਅਨ ਦੀ ਪ੍ਰਧਾਨ ਚਰਨਜੀਤ ਕੌਰ ਖਿੱਚੀਆਂ ਆਦਿ ਨੇ ਕੀਤੀ। ਦੂਜੇ ਪਾਸੇ ਡੀਐੱਫਓ ਅੰਜਨ ਸਿੰਘ ਨੇ ਕਿਹਾ ਕਿ ਸਤੰਬਰ ਮਹੀਨੇ ਦੇ ਬਿੱਲ ਖਜ਼ਾਨੇ ਨੂੰ ਭੇਜੇ ਜਾ ਚੁੱਕੇ ਹਨ ਅਤੇ ਅਗਲੀ ਤਨਖਾਹ ਵੀ ਸਮੇਂ ਸਿਰ ਪਾ ਦਿੱਤੀ ਜਾਵੇਗੀ।
ਆਗੂਆਂ ਕਿਹਾ ਕਿ ਰੇਂਜ ਅਫਸਰ ਵੱਲੋਂ ਮਨਮਾਨੇ ਤਰੀਕੇ ਨਾਲ ਜੰਗਲਾਤ ਮਹਿਕਮੇ ਵਿੱਚ ਕੰਮ ਕਰਦੇ ਠੇਕਾ ਆਧਾਰਿਤ ਅਤੇ ਮਨਰੇਗਾ ਕਾਮਿਆਂ ਦੀਆਂ ਤਨਖਾਹਾਂ ਰੋਕੀਆ ਜਾ ਰਹੀਆਂ ਹਨ। ਵਿਭਾਗ ਵਿੱਚ ਦਿਹਾੜੀਦਾਰ ਵਜੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੀਆਂ ਤਨਖਾਹਾਂ ਹਾਲੇ ਤੱਕ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਵਾਰ ਤਨਖਾਹਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦੇਣ ਦੇ ਹੁਕਮ ਹਨ, ਉਨ੍ਹਾਂ ਦੀਆਂ ਪਿਛਲੀਆਂ ਤਨਖਾਹਾਂ ਵੀ ਰੁਕੀਆਂ ਹੋਈਆਂ ਹਨ, ਅਜਿਹੇ ਵਿੱਚ ਅਗਲੀ ਸਮੇਂ ਸਿਰ ਮਿਲਣ ਦੀ ਕੋਈ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਪਹਿਲਾਂ ਹੀ ਅਧਿਕਾਰੀਆਂ ਨਾਂਲ ਮੀਟਿੰਗਾਂ ’ਚ ਸਮੇਂ ਸਿਰ ਅਦਾਇਗੀ ਲਈ ਹੇਠਲੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੋਈ ਹੈ ਪਰ ਕੇਵਲ ਮੁਕੇਰੀਆਂ ’ਚ ਇਹ ਤਨਖਾਹਾਂ ਜਾਣ-ਬੁੱਝ ਕੇ ਰੋਕੀਆਂ ਹੋਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੁਕੀਆਂ ਤਨਖ਼ਾਹਾਂ ਦੀਵਾਲੀ ਤੋਂ ਪਹਿਲਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਮੁੱਖ ਵਣਪਾਲ ਪੰਜਾਬ ਅਤੇ ਵਣ ਮੰਤਰੀ ਦੇ ਦਫ਼ਤਰਾਂ ਮੂਹਰੇ ਰੋਸ ਪ੍ਰਦਰਸ਼ਨ ਸਮੇਤ ਚੱਬੇਵਾਲ ਸਮੇਤ ਚਾਰੇ ਜ਼ਿਮਨੀ ਚੋਣਾਂ ਦੇ ਹਲਕਿਆਂ ’ਚ ਮੁਜ਼ਾਹਰੇ ਕਰਨਗੇ। ਇਸ ਮੌਕੇ ਰੂਪਾ ਰਾਣੀ, ਸਰਬਜੀਤ ਕੌਰ, ਬਲਜੀਤ ਕੌਰ, ਰਾਜ ਕੁਮਾਰੀ, ਅਨੀਤਾ ਰਾਣੀ, ਮਾਰਸ਼ਾਂ, ਬੀਲਾਂ, ਬਲਬੀਰ ਕੌਰ, ਪ੍ਰੀਤੀ, ਸੁਰਿੰਦਰ ਸਿੰਘ, ਸੰਦੀਪ ਕੁਮਾਰ, ਤਰਸੇਮ ਲਾਲ, ਸੋਹਣ ਮਸੀਹ, ਬੋਧ ਰਾਜ ਅਲੀਪੁਰ ਆਦਿ ਵੀ ਹਾਜ਼ਰ ਸਨ।