ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਅੱਗੇ ਮੁਜ਼ਾਹਰਾ 24 ਨੂੰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਜੂਨ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਸਾਂਝੀ ਮੀਟਿੰਗ ’ਚ ਮੰਡੀ ਬੋਰਡ ’ਤੇ ਆਪਣੇ ਦੋ ਕਰਮਚਾਰੀਆਂ ਦੀਆਂ ਸੇਵਾਵਾਂ ਕਥਿਤ ਖਤਮ ਕਰਨ ਦਾ ਦੋਸ਼ ਲਾਉਂਦਿਆਂ 24 ਜੂਨ ਨੂੰ ਬਠਿੰਡਾ ਸਥਿਤ ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ’ਚ ਹੋਰ ਆਗੂ ਮਨਜੀਤ ਸਿੰਘ ਪੰਜੂ, ਕ੍ਰਿਸ਼ਨ ਸਿੰਘ ਜੰਗੀਰਾਣਾ, ਸੰਜੀਵ ਕੁਮਾਰ ਬਦਿਆਲਾ, ਸੋਹਣ ਲਾਲ ਮੇਟ, ਐੱਸ ਐੱਸ ਯਾਦਵ, ਧਰਮਪਾਲ, ਮਨਜੀਤ ਸਿੰਘ ਮੱਟੂ, ਗੁਰਲਾਲ ਸਿੰਘ, ਸੱਤਪਾਲ ਮੇਟ ਆਦਿ ਹਾਜ਼ਰ ਹੋਏ। ਆਗੂਆਂ ਨੇ ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਬਠਿੰਡਾ ’ਤੇ ਕਥਿਤ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ। ਠੇਕਾ ਮੁਲਾਜ਼ਮਾਂ ਦੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਸਹੋਤਾ ਨੇ ਕਿਹਾ ਕਿ ਦੋ ਮੁਲਾਜ਼ਮਾਂ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ, ਜੋ ਸਰਾਸਰ ਧੱਕਾ ਹੈ ਅਤੇ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਕਰਮਚਾਰੀਅ ਸੋਮਵਾਰ ਨੂੰ ਧਰਨੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਵਿਭਾਗ ਨੂੰ ਆਪਣਾ ਫੈਸਲਾ ਬਦਲਣ ਦੀ ਅਪੀਲ ਕੀਤੀ।