ਕੁਲੜਪੁਰ ਵਾਸੀਆਂ ਵੱਲੋਂ ਬਿਜਲੀ ਦਫ਼ਤਰ ਅੱਗੇ ਪ੍ਰਦਰਸ਼ਨ
ਫਰਿੰਦਰ ਗੁਲੀਆਣੀ
ਨਰਾਇਣਗੜ੍ਹ, 3 ਜੁਲਾਈ
ਨਰਾਇਣਗੜ੍ਹ ਦੇ ਨਾਲ ਲੱਗਦੇ ਪਿੰਡ ਕੁਲੜਪੁਰ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਪਿੰਡ ਦੇ ਲੋਕਾਂ ਨੇ ਅੱਜ ਸਰਪੰਚ ਦੀ ਅਗਵਾਈ ਹੇਠ ਨਰਾਇਣਗੜ੍ਹ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਪਿੰਡ ਦੀ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਅਤੇ ਬਿਜਲੀ ਦੀਆਂ ਤਾਰਾਂ ਦੇ ਵਾਰ-ਵਾਰ ਟੁੱਟਣ ਕਾਰਨ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਉਹ ਕਈ ਵਾਰ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਬਿਜਲੀ ਦੀਆਂ ਤਾਰਾਂ ਨਹੀਂ ਬਦਲੀਆਂ ਜਾ ਰਹੀਆਂ। ਤਾਰਾਂ ਵਾਰ-ਵਾਰ ਟੁੱਟਣ ਕਾਰਨ ਸੜਕ ’ਤੇ ਡਿੱਗ ਜਾਂਦੀਆਂ ਹਨ ਅਤੇ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਸੜਕ ’ਤੇ ਤਾਰ ਡਿੱਗਣ ਕਾਰਨ ਕੋਈ ਹਾਦਸਾ ਵਾਪਰਿਆ ਤਾਂ ਉਸ ਦਾ ਜਿੰਮੇਵਾਰ ਵਿਭਾਗ ਹੋਵੇਗਾ। ਸਰਪੰਚ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦੇ ਲੋਕ ਕਈ ਦਿਨ ਤੋਂ ਪ੍ਰੇਸ਼ਾਨ ਹਨ। ਉਹ ਪਹਿਲਾਂ ਵੀ ਲਿਖਤੀ ਤੌਰ ’ਤੇ ਸ਼ਿਕਾਇਤ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਬਿਜਲੀ ਦੀਆਂ ਤਾਰਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਇਹ ਰੋਜ਼ਾਨਾ ਟੁੱਟ ਕੇ ਸੜਕ ’ਤੇ ਡਿੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਤੰਗ ਆ ਕੇ ਉਨ੍ਹਾਂ ਵੱਲੋਂ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਇੰਨੀ ਗਰਮੀ ਹੈ ਅਤੇ ਦੂਜੇ ਪਾਸੇ ਵਿਭਾਗ ਅੱਖਾਂ ਬੰਦ ਕਰੀ ਬੈਠਾ ਹੈ। ਉਨ੍ਹਾਂ ਜਲਦੀ ਤੋਂ ਜਲਦੀ ਇਹ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।