For the best experience, open
https://m.punjabitribuneonline.com
on your mobile browser.
Advertisement

ਯੂਟੀ ਮੁਲਾਜ਼ਮਾਂ ਤੇ ਵਰਕਰਾਂ ਵੱਲੋਂ ਚੰਡੀਗੜ੍ਹ ਸਕੱਤਰੇਤ ਸਾਹਮਣੇ ਪ੍ਰਦਰਸ਼ਨ

06:37 AM Oct 24, 2024 IST
ਯੂਟੀ ਮੁਲਾਜ਼ਮਾਂ ਤੇ ਵਰਕਰਾਂ ਵੱਲੋਂ ਚੰਡੀਗੜ੍ਹ ਸਕੱਤਰੇਤ ਸਾਹਮਣੇ ਪ੍ਰਦਰਸ਼ਨ
ਚੰਡੀਗੜ੍ਹ ਵਿੱਚ ਯੂਟੀ ਸਕੱਤਰੇਤ ਸਾਹਮਣੇ ਰੋਸ ਮਾਰਚ ਕਰਦੇ ਹੋਏ ਕੋਆਰਡੀਨੇਸ਼ਨ ਕਮੇਟੀ ਦੇ ਕਾਰਕੁਨ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 23 ਅਕਤੂਬਰ
ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਬੈਨਰ ਹੇਠ ਵਰਕਰਾਂ ਵੱਲੋਂ ਸੈਕਟਰ 9 ਸਥਿਤ ਯੂਟੀ ਸਕੱਤਰੇਤ ਦੇ ਸਾਹਮਣੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸਡ ਵਰਕਰਾਂ ਨੂੰ ਦੀਵਾਲੀ ਤੋਂ ਪਹਿਲਾਂ ਬਕਾਇਆ ਤਨਖਾਹ ਅਤੇ ਬੋਨਸ ਦਾ ਭੁਗਤਾਨ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ‘ਬਰਾਬਰ ਕੰਮ-ਬਰਾਬਰ ਤਨਖਾਹ’ ਦਾ ਫਾਰਮੂਲਾ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ ਰੋਸ ਪ੍ਰਦਰਸ਼ਨ ਮਗਰੋਂ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਕੋਆਰਡੀਨੇਸ਼ਨ ਕਮੇਟੀ ਦੇ ਵਫ਼ਦ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਦੀਵਾਲੀ ਤੋਂ ਪਹਿਲਾਂ ਸਾਰੇ ਵਰਕਰਾਂ ਨੂੰ ਤਨਖਾਹ ਮਿਲ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਰਹਿੰਦੀਆਂ ਮੰਗਾਂ ਦੇ ਹੱਲ ਲਈ ਜਲਦੀ ਹੀ ਉੱਚ ਪੱਧਰੀ ਮੀਟਿੰਗ ਸੱਦੀ ਜਾਵੇਗੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਕੁਮਾਰ, ਚੀਫ ਪੈਟਰਨ ਅਨਿਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕੁਮਾਰ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਾ ਕੋਈ ਹੱਲ ਨਹੀਂ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੋਈ ਮੀਟਿੰਗ ਵੀ ਕਰਨ ਨੂੰ ਤਿਆਰ ਨਹੀਂ ਹੈ। ਇਸ ਲਈ ਜਦੋਂ ਤੱਕ ਚੰਡੀਗੜ੍ਹ ਪ੍ਰਸ਼ਾਸਨ ਮੰਗਾਂ ਦੇ ਹੱਲ ਲਈ ਸਾਰਥਕ ਯਤਨ ਨਹੀਂ ਕਰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਮੰਗਾਂ ਦਾ ਜਲਦੀ ਹੱਲ ਨਾ ਕੱਢਿਆ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Advertisement

ਸਾਂਝੀ ਐਕਸ਼ਨ ਕਮੇਟੀ ਵੱਲੋਂ ਰਾਜ ਭਵਨ ਵੱਲ ਪੈਦਲ ਰੋਸ ਮਾਰਚ

ਯੂਟੀ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਆਊਟਸੋਰਸਡ ਵਰਕਰਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਵੀ ਅੱਜ ਯੂਟੀ ਮੁਲਾਜ਼ਮਾਂ ਤੇ ਵਰਕਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਰਾਜ ਭਵਨ ਵੱਲ ਪੈਦਲ ਰੋਸ ਮਾਰਚ ਕੀਤਾ ਗਿਆ। ਐਕਸ਼ਨ ਕਮੇਟੀ ਦੇ ਕਨਵੀਨਰ ਅਸ਼ਵਨੀ ਕੁਮਾਰ, ਚੇਅਰਮੈਨ ਸੁਰਮੁੱਖ ਸਿੰਘ ਤੇ ਕਮਲ ਕੁਮਾਰ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਸ਼ਿਵਾਲਿਕ ਹੋਟਲ ਨੇੜੇ ਇਕੱਠੇ ਹੋ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਿਗਮ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਮੁਲਾਜ਼ਮ ਰਾਜ ਭਵਨ ਵੱਲ ਵਧਣ ਲੱਗੇ ਤਾਂ ਪੁਲੀਸ ਵੱਲੋਂ ਨਿਗਮ ਦਫ਼ਤਰ ਅੱਗੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ। ਮੁਲਾਜ਼ਮਾਂ ਦੇ ਵਫ਼ਦ ਦੀ ਮੀਟਿੰਗ ਐੱਸਡੀਐੱਮ ਨਾਲ ਕਰਵਾਈ ਗਈ ਜਿਨ੍ਹਾਂ ਨੂੰ ਮੰਗ ਪੱਤਰ ਸੌਂਪਣ ਉਪਰੰਤ ਰੋਸ ਮਾਰਚ ਖ਼ਤਮ ਕੀਤਾ ਗਿਆ।

Advertisement

Advertisement
Author Image

Advertisement