ਲੋਕ ਮੋਰਚਾ ਪੰਜਾਬ ਵੱਲੋਂ ਫਲਸਤੀਨ ਦੇ ਹੱਕ ਵਿੱਚ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ/ਧਨੌਲਾ 7 ਅਕਤੂਬਰ
ਇਜ਼ਰਾਈਲ ਵੱਲੋਂ ਫਲਸਤੀਨ ਖਿਲਾਫ਼ ਛੇੜੀ ਜੰਗ ਦਾ ਇੱਕ ਸਾਲ ਮੁਕੰਮਲ ਹੋਣ ਉੱਤੇ ਲੋਕ ਮੋਰਚਾ ਪੰਜਾਬ ਵੱਲੋਂ ਪੰਜ ਜ਼ਿਲ੍ਹਿਆਂ ’ਚ ਇਸ ਜੰਗ ਦੇ ਵਿਰੋਧ ਵਿੱਚ ਅਤੇ ਮੋਦੀ ਹਕੂਮਤ ਵੱਲੋਂ ਮੱਧ ਭਾਰਤ ਦੇ ਆਦੀਵਾਸੀਆਂ ਦੇ ਝੂਠੇ ਪੁਲੀਸ ਮੁਕਾਬਲਿਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਗਏ। ਲੋਕ ਮੋਰਚਾ ਦੇ ਸੂਬਾਈ ਕਮੇਟੀ ਮੈਂਬਰ ਸਤਨਾਮ ਸਿੰਘ ਦੀਵਾਨਾ ਨੇ ਦੱਸਿਆ ਕਿ ਅੱਜ ਮੂਨਕ (ਸੰਗਰੂਰ), ਧਨੌਲਾ (ਬਰਨਾਲਾ), ਲੰਬੀ (ਮੁਕਤਸਰ ), ਸਮਰਾਲਾ (ਲੁਧਿਆਣਾ) ਅਤੇ ਬਠਿੰਡਾ ਵਿੱਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਜਥੇਬੰਦੀ ਦੇ ਆਗੂਆਂ ਸਤਨਾਮ ਸਿੰਘ, ਜਗਮੇਲ ਸਿੰਘ, ਸ਼ੀਰੀਂ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਤੇ ਕੁਲਵੰਤ ਸਿੰਘ ਤਰਕ ਆਦਿ ਨੇ ਸੰਬੋਧਨ ਕੀਤਾ। ਆਗੂਆਂ ਕਿਹਾ ਕਿ 7 ਅਕਤੂਬਰ ਨੂੰ ਇਜ਼ਰਾਇਲੀ ਜੰਗ ਦਾ ਇੱਕ ਵਰ੍ਹਾ ਮੁਕੰਮਲ ਹੋ ਚੁੱਕਾ ਹੈ। ਇਸ ਵਰ੍ਹੇ ਦੌਰਾਨ ਇਜ਼ਰਾਈਲ 42 ਹਜ਼ਾਰ ਤੋਂ ਉੱਪਰ ਫਲਸਤੀਨੀ ਲੋਕਾਂ ਦੀਆਂ ਜਾਨਾਂ ਲੈ ਚੁੱਕਿਆ ਹੈ। ਇਸ ਮੌਕੇ ਹੋਏ ਇਕੱਠਾਂ ਵਿੱਚ ਇਹ ਮੰਗਾਂ ਉਠਾਈਆਂ ਗਈਆਂ ਕਿ ਇਜ਼ਰਾਈਲ, ਫਲਸਤੀਨ ਖਿਲਾਫ ਜੰਗ ਤੁਰੰਤ ਬੰਦ ਕਰੇ, ਫਲਸਤੀਨ ਦੀ ਧਰਤੀ ਫਲਸਤੀਨੀ ਲੋਕਾਂ ਨੂੰ ਸੌਂਪੀ ਜਾਵੇ।
ਮਾਨਸਾ (ਪੱਤਰ ਪ੍ਰੇਰਕ): ਇੱਥੇ ਸੀਪੀਆਈ (ਐੱਮ) ਸਮੇਤ ਖੱਬੀਆਂ ਪਾਰਟੀਆਂ ਦੇ ਸੱਦੇ ’ਤੇ ਇਜ਼ਰਾਈਲ ਵੱਲੋਂ ਨਿਰਦੋਸ਼ ਫ਼ਲਸਤੀਨੀਆਂ ਦੇ ਕੀਤੇ ਜਾ ਕਤਲੇਆਮ ਦੇ ਵਿਰੋਧ ਵਿੱਚ ਅਮਰੀਕਾ ਸਾਮਰਾਜ ਦੀ ਅਰਥੀ ਸਾੜੀ ਅਤੇ ਮੰਗ ਕੀਤੀ ਕਿ ਮਾਨਵਤਾ ਦੀ ਰਾਖੀ ਲਈ ਯੁੱਧ ਦੀ ਬਜਾਏ ਸ਼ਾਂਤੀ ਦਾ ਮਾਹੌਲ ਕਾਇਮ ਕੀਤਾ ਜਾਵੇ। ਇਸ ਮੌਕੇ ਸੀਪੀਆਈ (ਐੱਮ) ਦੇ ਸੂਬਾਈ ਆਗੂ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਵੱਖਰੇ ਤੌਰ ’ਤੇ ਪੰਜ ਖੱਬੇਪੱਖੀ ਧਿਰਾਂ ਦੇ ਸੱਦੇ ’ਤੇ ਮਾਨਸਾ ਵਿਖੇ ਸੀਪੀਆਈ,ਸੀਪੀਆਈ (ਐਮ.ਐਲ) ਲਿਬਰੇਸ਼ਨ, ਇਨਕਲਾਬੀ ਕੇਂਦਰ,ਮੁਸਲਿਮ ਫਰੰਟ ਦੇ ਆਗੂਆਂ ਵੱਲੋਂ ਫਲਸਤੀਨ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇਜ਼ਰਾਈਲ ਖਿਲਾਫ ਰੋਸ ਮਾਰਚ ਕੀਤਾ ਗਿਆ। ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਸੀਪੀਆਈ ਆਗੂ ਕਿ੍ਰਸ਼ਨ ਚੌਹਾਨ, ਇਨਕਲਾਬੀ ਕੇਂਦਰ ਦੇ ਜਗਮੇਲ ਸਿੰਘ ਖੱਤਰੀ ਵਾਲਾ, ਟਰੇਡ ਯੂਨੀਅਨ ਦੇ ਮੇਜ਼ਰ ਸਿੰਘ ਦੂਲੋਵਾਲ ਅਤੇ ਮੁਸਲਿਮ ਫਰੰਟ ਦੇ ਰਵੀ ਖ਼ਾਨ ਨੇ ਵੀ ਸੰਬੋਧਨ ਕੀਤਾ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਇਜ਼ਰਾਈਲ-ਫ਼ਲਸਤੀਨ ਜੰਗ ਖ਼ਿਲਾਫ਼ ਲੋਕ ਮੋਰਚਾ ਪੰਜਾਬ ਵੱਲੋਂ ਅੱਜ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਖਾਵਾਕਾਰੀਆਂ ਨੇ ਮੱਧ ਭਾਰਤ ਦੇ ਆਦਿ ਵਾਸੀਆਂ ਦੇ ਕਥਿਤ ਝੂਠੇ ਪੁਲੀਸ ਮੁਕਾਬਲੇ ਬਣਾਏ ਜਾਣ ਦਾ ਮੋਦੀ ਹਕੂਮਤ ’ਤੇ ਦੋਸ਼ ਲਾਉਂਦਿਆਂ, ਇਸ ਦੀ ਵੀ ਮੁਖ਼ਾਲਫ਼ਿਤ ਕੀਤੀ। ਮਾਰਚ ਤੋਂ ਪਹਿਲਾਂ ਟੀਚਰਜ਼ ਹੋਮ ਵਿੱਚ ਹੋਈ ਰੈਲੀ ਨੂੰ ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਸੰਬੋਧਨ ਕੀਤਾ।