ਦਾਜ ਲਈ ਪ੍ਰੇਸ਼ਾਨ ਕੀਤੀ ਲੜਕੀ ਦੇ ਹੱਕ ਵਿੱਚ ਪ੍ਰਦਰਸ਼ਨ
ਰਮੇਸ਼ ਭਾਰਦਵਾਜ
ਲਹਿਰਾਗਾਗਾ 27 ਸਤੰਬਰ
ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਤਹਿਤ ਤੰਗ ਪ੍ਰੇਸ਼ਾਨ ਕੀਤੀ ਗਈ ਗੁਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀਆਂ ਪਿੰਡ ਇਕਾਈਆਂ ਦਾ ਥਾਣੇ ਦੇ ਗੇਟ ਅੱਗੇ ਲੱਗਿਆ ਹੋਇਆ ਪੱਕਾ ਦਿਨ-ਰਾਤ ਦਾ ਮੋਰਚਾ ਅੱਜ ਚੋਥੇ ਦਿਨ ਵੀ ਜਾਰੀ ਰਿਹਾ। ਅੱਜ ਇਸ ਮੋਰਚੇ ਵਿੱਚ ਪੈਂਡੂ ਡਾਕਟਰਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਸ਼ਿਰਕਤ ਕਰਦਿਆਂ ਸਮਰਥਨ ਦਿੱਤਾ ਤੇ ਗੁਰਪ੍ਰੀਤ ਕੌਰ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗ ਰੱਖੀ। ਇਸ ਮੌਕੇ ਵੱਡੀ ਗਿਣਤੀ ਮਜ਼ਦੂਰ ਔਰਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕਰਦਿਆਂ ਪੁਲੀਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਲੀਆਂ ਚੁਬਾਰਿਆਂ ਵਿੱਚ ਵੱਡੇ ਵੱਡੇ ਨਾਅਰੇ ਲਿਖ ਕੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਸੱਦੇ ਦਿੱਤੇ ਜਾਂਦੇ ਹਨ ਪਰ ਪੁਲੀਸ ਪ੍ਰਸ਼ਾਸਨ ਕਿਸੇ ਬੇਟੀ ਨਾਲ ਹੋਣ ਵਾਲੇ ਧੱਕੇ ਦੇ ਬਦਲੇ ਉਸ ਨੂੰ ਇਨਸਾਫ਼ ਦਿਵਾਉਣ ਵਿੱਚ ਵੀ ਸਮਰੱਥ ਦਿਖਾਈ ਨਹੀਂ ਦੇ ਰਿਹਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਬਲਾਕ ਲਹਿਰਾਗਾਗਾ ਵਿੱਚ ਪੈਂਦੇ ਅਜਿਹੇ ਦਰਜਨਾਂ ਹੀ ਪਿੰਡਾਂ ਦੇ ਸੈਂਕੜੇ ਮਾਮਲੇ ਥਾਣੇ ਦੀਆਂ ਮੇਜ਼ਾਂ ’ਤੇ ਮਿੱਟੀ ਭੁੱਕ ਰਹੇ ਹਨ ਤੇ ਪੀੜਤ ਪਰਿਵਾਰ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਧਰਨੇ ਵਿੱਚ ਬਲਾਕ ਆਗੂ ਬਹਾਦਰ ਸਿੰਘ ਭੁਟਾਲ ਖੁਰਦ,ਕਰਨੈਲ ਗਨੋਟਾ, ਹਰਸੇਵਕ ਲਹਿਲ ਖੁਰਦ,ਰਾਮ ਸਿੰਘ ਨੰਗਲਾ, ਸੁਰੇਸ਼ ਕੁਮਾਰ ਕਾਲਬੰਜਾਰਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ ਕਲਾਂ, ਰਾਮਚੰਦ ਚੋਟੀਆਂ, ਜਗਦੀਪ ਸਿੰਘ ਲਹਿਲ ਖੁਰਦ ਤੇ ਹੋਰ ਵਸਨੀਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ।