ਪਟਵਾਰੀ ਦੀ ਕੁੱਟਮਾਰ ਕਰਨ ਵਾਲੇ ਦੀ ਗ੍ਰਿਫ਼ਤਾਰੀ ਲਈ ਪ੍ਰਦਰਸ਼ਨ
ਪੱਤਰ ਪ੍ਰੇਰਕ
ਅਬੋਹਰ, 6 ਜੂਨ
ਨਹਿਰੀ ਪਟਵਾਰੀ ਰਾਜਕੁਮਾਰ ਨਾਲ ਹੋਈ ਕੁੱਟਮਾਰ ਅਤੇ ਬਦਸਲੂਕੀ ਦੇ ਵਿਰੋਧ ‘ਚ ਸਥਾਨਕ ਨਹਿਰੀ ਕਲੋਨੀ ‘ਚ ਨਹਿਰੀ ਪਟਵਾਰੀ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਲਗਾਇਆ ਗਿਆ ਧਰਨਾ ਜਾਰੀ ਰਿਹਾ। ਧਰਨੇ ਵਿੱਚ ਪੰਜਾਬ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਪਰ ਜਦੋਂ ਤੱਕ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਦੋਂ ਤੱਕ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਅਤੇ ਧਰਨਾ ਜਾਰੀ ਰਹੇਗਾ। ਇਸ ਮੌਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਟਵਾਰੀ ਰਾਜਕੁਮਾਰ ਜਿਸ ਦੀ ਡਿਊਟੀ ਪਿੰਡ ਕੁੰਡਲ ਵਿਖੇ ਹੈ ਅਤੇ ਕੁਝ ਅਧਿਕਾਰੀਆਂ ਦੇ ਹੁਕਮਾਂ ‘ਤੇ 27 ਮਈ ਨੂੰ ਪਿੰਡ ਕੁੰਡਲ ਵਿਖੇ ਬਾਰੀ ਚਲਾਉਣ ਗਿਆ ਸੀ, ਜਿੱਥੇ ਜਗਮਨਦੀਪ ਸਿੰਘ ਉਰਫ਼ ਮਿੰਕੂ ਨੇ ਰਾਜਕੁਮਾਰ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ ਅਤੇ ਗਾਲੀ-ਗਲੋਚ ਕਰਦਿਆਂ ਸਰਕਾਰੀ ਰਿਕਾਰਡ ਪਾੜ ਦਿੱਤਾ। ਇਸ ਮੌਕੇ ਪਟਵਾਰੀ ਯੂਨੀਅਨ ਦੇ ਮੈਂਬਰਾਂ ਨੇ ਅਰਥੀ ਫੂਕ ਮਾਰਚ ਕੱਢ ਕੇ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਕੇ ਮੰਗ ਪੱਤਰ ਸਬ-ਡਵੀਜ਼ਨ ਦੇ ਰੀਡਰ ਹਰਦੀਪ ਕੌਰ ਨੂੰ ਸੌਂਪਿਆ।