ਸ੍ਰੀ ਹਰਗੋਬਿੰਦਪੁਰ-ਬਿਆਸ ਸੜਕ ਬਣਵਾਉਣ ਲਈ ਪ੍ਰਦਰਸ਼ਨ
ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 15 ਮਈ
ਸ੍ਰੀ ਹਰਗੋਬਿੰਦਪੁਰ ਤੋਂ ਡੇਰਾ ਬਿਆਸ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਪਿੰਡ ਟਾਂਡਾ, ਮਾੜੀ ਬੁਚਿਆਂ, ਬਲੜਵਾਲ, ਨਵਾਂ ਬਲੜ੍ਹਵਾਲ ਤੇ ਕਪੂਰਾ ਆਦਿ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਪੰਚ ਕੁਲਜੀਤ ਸਿੰਘ, ਸਰਪੰਚ ਸੌਕੀਨ ਸਿੰਘ, ਸਰਪੰਚ ਪ੍ਰਦੂਮਣ ਸਿੰਘ, ਰਤਨ ਸਿੰਘ ਸਰਪੰਚ, ਸਰਪੰਚ ਗੁਰਵਿੰਦਰਜੀਤ ਸਿੰਘ, ਦੀਸ਼ਾ ਸਿੰਘ ਸਰਪੰਚ, ਜਗਜੀਤ ਸਿੰਘ ਮੈਂਬਰ ਪੰਚਾਇਤ, ਅਨੂਪਜੀਤ ਸਿੰਘ ਨੰਬਰਦਾਰ ਆਦਿ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਤੋਂ ਡੇਰਾ ਬਿਆਸ ਨੂੰ ਜਾਂਦੀ ਲਿੰਕ ਸੜਕ ਦੀ ਹਲਾਤ ਬੇਹੱਦ ਖਰਾਬ ਹੋ ਚੁੱਕੀ ਹੈ ਜਿਸ ਵੱਲ ਮਹਿਕਮੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਰਾਹੀਂ ਹਜ਼ਾਰਾਂ ਲੋਕ ਡੇਰਾ ਬਿਆਸ, ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਸਾਹਿਬ ਤੇ ਗੋਇੰਦਵਾਲ ਸਾਹਿਬ ਆਦਿ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਹਨ ਪਰ ਇਸ ਦੇ ਬਾਵਜੂਦ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਮਿੰਟਾਂ ਦੇ ਸਫਰ ਨੂੰ ਤੈਅ ਕਰਨ ਲਈ ਕਈ ਘੰਟੇ ਲੱਗ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕ ਟੁੱਟੀ ਹੋਣ ਕਰਕੇ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਨਾਲ ਹੀ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਇਸ ਸੜਕ ਤੇ’ ਸਰਗਰਮ ਹੋ ਕੇ ਰਾਹਗੀਰਾਂ ਦਾ ਨੁਕਸਾਨ ਕਰ ਰਹੇ ਹਨ। ਇਸ ਦੌਰਾਨ ਹਲਕਾ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਮੌਕੇ ’ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਸੜਕ ਬਣਾਉਣ ਦਾ ਭਰੋਸਾ ਦਿੱਤਾ।