ਨੀਟ ਪ੍ਰੀਖਿਆ ਵਿੱਚ ਘਪਲੇ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜੂਨ
ਭਾਰਤੀ ਯੂਥ ਕਾਂਗਰਸ ਨੇ ਅੱਜ ਇੱਥੇ ਨੀਟ ਯੂਜੀ ਪ੍ਰੀਖਿਆ ਵਿੱਚ ਹੋਏ ਘਪਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਯੂਥ ਕਾਂਗਰਸ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਘਪਲੇ ਨੇ 24 ਲੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਦਿੱਤਾ ਹੈ। ਦਿੱਲੀ ਪੁਲੀਸ ਨੇ ਯੂਥ ਕਾਂਗਰਸ ਦਫ਼ਤਰ ਦੇ ਬਾਹਰ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਇਸ ਮੌਕੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਨੀਟ ਪ੍ਰੀਖਿਆ ਵਿੱਚ ਘਪਲੇਬਾਜ਼ੀ ਨਾ ਸਿਰਫ਼ 24 ਲੱਖ ਵਿਦਿਆਰਥੀਆਂ ਨਾਲ ਧੋਖਾ ਹੈ ਸਗੋਂ ਦੇਸ਼ ਦੀ ਮੈਡੀਕਲ ਪ੍ਰਣਾਲੀ ਅਤੇ ਦੇਸ਼ ਦੇ ਭਵਿੱਖ ਨਾਲ ਵੀ ਧੋਖਾ ਹੈ। ਅੱਜ ਦੇਸ਼ ਵਿੱਚ ਕੋਈ ਵੀ ਇਮਤਿਹਾਨ ਅਜਿਹਾ ਨਹੀਂ ਹੈ ਜਿਸ ਵਿੱਚ ਘਪਲਾ ਨਾ ਹੋਇਆ ਹੋਵੇ। ਇਸ ਸਬੰਧੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ’ਤੇ ਸੰਦੇਸ਼ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਕੋਈ ਟਿੱਪਣੀ ਕਰ ਰਿਹਾ ਹੈ, ‘ਇਕ ਵਾਰ ਫਿਰ ਲੀਕ ਸਰਕਾਰ’, ‘ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਪ੍ਰੀਖਿਆਵਾਂ ਦੀ ਚਰਚਾ ਕਰਦੇ ਹਨ ਪਰ ਚੋਣਾਂ ਮਗਰੋਂ ਪੇਪਰ ਲੀਕ ਅਤੇ ਧਾਂਦਲੀ ’ਤੇ ਕੋਈ ਗੱਲ ਨਹੀਂ ਹੁੰਦੀ ਹੈ।’ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐੱਨਡੀਏ ਸਰਕਾਰ ਦੇ ਗਠਨ ਦੇ ਪਹਿਲੇ ਦਿਨ ਹੀ ਨੀਟ ਯੂਜੀ ਦੇ ਮੁੱਦੇ ਖ਼ਿਲਾਫ਼ ਇਸ ਸਰਕਾਰ ਵਿਰੁੱਧ ਪਹਿਲਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਪੇਪਰ ਲੀਕ ਅਤੇ ਨੀਟ ਪ੍ਰੀਖਿਆ ਦੇ ਨਤੀਜਿਆਂ ਵਿੱਚ ਹੋਏ ਘਪਲੇ ’ਤੇ ਚੁੱਪ ਹੈ। ਪੇਪਰ ਲੀਕ ਦਾ ਮਾਮਲਾ ਸਾਹਮਣੇ ਆਉਣ ਕਾਰਨ ਐਨਟੀਏ ਸ਼ੱਕ ਦੇ ਘੇਰੇ ਵਿੱਚ ਹੈ। ਫਿਰ ਵਿਦਿਆਰਥੀਆਂ ਨੇ ਵੀ ਉਹ ਅੰਕ ਪ੍ਰਾਪਤ ਕੀਤੇ ਜੋ ਪ੍ਰੀਖਿਆ ਵਿੱਚ ਸੰਭਵ ਨਹੀਂ ਸਨ। ਇੰਨਾ ਹੀ ਨਹੀਂ ਨਤੀਜਾ ਜਲਦਬਾਜ਼ੀ ਵਿੱਚ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ, ਜਿਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ। ਨੌਜਵਾਨਾਂ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਐਨਟੀਏ ’ਤੇ ਕਈ ਸਵਾਲ ਖੜ੍ਹੇ ਕਰਦੀਆਂ ਹਨ। ਪੇਪਰ ਲੀਕ, ਘਪਲਾ ਅਤੇ ਭ੍ਰਿਸ਼ਟਾਚਾਰ ਨੀਟ ਸਮੇਤ ਕਈ ਪ੍ਰੀਖਿਆਵਾਂ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਇਸ ਦੀ ਸਿੱਧੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੈ।