ਲੇਕ ਸਪੋਰਟਸ ਕੰਪਲੈਕਸ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 22 ਜੁਲਾਈ
ਲੇਕ ਸਪੋਰਟਸ ਕੰਪਲੈਕਸ ਵਿੱਚ ਕੰਮ ਕਰਦੇ ਆਊਟਸੋਰਸਡ ਕਾਮਿਆਂ ਵੱਲੋਂ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਅੱਜ ਸਪੋਰਟਸ ਕੰਪਲੈਕਸ ਸੈਕਟਰ-1 ਦੇ ਗੇਟ ’ਤੇ ਕਾਲੇ ਝੰਡੇ ਲੈ ਕੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਆਗੂਆਂ ਵੱਲੋਂ ਵੀ ਵਰਕਰਾਂ ਦੇ ਪ੍ਰਦਰਸ਼ਨ ਵਿੱਚ ਸਮਰਥਨ ਦਿੱਤਾ ਗਿਆ ਅਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਯੂਨੀਅਨ ਦੇ ਪ੍ਰਧਾਨ ਅਜੈਬ ਸਿੰਘ ਤੇ ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ ਆਦਿ ਨੇ ਕਿਹਾ ਕਿ ਪਿਛਲੇ ਲਗਭਗ 20-20 ਸਾਲ ਤੋਂ ਡੇਲੀਵੇਜ਼ ਵਰਕਰਾਂ ਨੂੰ ਤਨਖਾਹ ਡੀ.ਸੀ. ਰੇਟ ਦੇ ਅਨੁਸਾਰ ਦਿੱਤੀ ਜਾ ਰਹੀ ਹੈ ਜਦਕਿ ਪ੍ਰਸ਼ਾਸ਼ਨ ਦੀ 31 ਮਾਰਚ 2015 ਦੀ ਪਾਲਿਸੀ ਮੁਤਾਬਕ ਸਾਰੇ ਵਿਭਾਗਾਂ ਦੇ ਡੇਲੀਵੇਜ਼ ਵਰਕਰਾਂ ਨੂੰ ਬੇਸਿਕ, ਡੀ.ਏ. ਅਤੇ ਹੋਰ ਭੱਤੇ ਜੋੜ ਕੇ ਤਨਖਾਹ ਦਿੱਤੀ ਜਾ ਰਹੀ ਹੈ। ਇਸੇ ਅਧਾਰ ’ਤੇ ਹੀ ਲੇਕ ਸਪੋਰਟਸ ਕੰਪਲੈਕਸ ਵਿੱਚ ਕੰਮ ਕਰ ਰਹੇ ਡੇਲੀਵੇਜ਼ ਕਾਮੇ ਤਨਖਾਹ ਮੰਗ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਕਾਮਿਆਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਿਹਾ ਹੈ।
ਇਸ ਤੋਂ ਇਲਾਵਾ ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਆਊਟਸੋਰਸਡ ਵਰਕਰਾਂ ਨੂੰ ਸਮਾਨ ਕੰਮ ਦੇ ਲਈ ਸਮਾਨ ਤਨਖਾਹ ਦਿੱਤੀ ਜਾਵੇ, ਗੈਰਕਾਨੂੰਨੀ ਢੰਗ ਨਾਲ ਕੱਢੇ ਗਏ ਆਊਟਸੋਰਸਡ ਵਰਕਰਾਂ ਨੂੰ ਦੁਬਾਰਾ ਕੰਮ ’ਤੇ ਰੱਖਿਆ ਜਾਵੇ। ਪ੍ਰਦਰਸ਼ਨ ਨੂੰ ਚੈਅਰਮੇਨ ਵਰਿੰਦਰ ਬਿਸ਼ਟ, ਵਾਟਰ ਸਪਲਾਈ ਵਰਕਰਸ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ, ਯੂਨਾਈਟਿਡ ਫਰੰਟ ਪਬਲਿਕ ਹੈਲਥ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਚਰਨਜੀਤ ਸਿੰਘ, ਵੀਰ ਸਿੰਘ, ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਲੇਕ ਸਪੋਰਟਸ ਵਰਕਰਾਂ ਦੀਆਂ ਉਕਤ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਸੰਜੀਦਗੀ ਨਾ ਦਿਖਾਈ ਤਾਂ 11 ਅਗਸਤ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਯੂਟੀ ਸਕੱਤਰੇਤ ਦਾ ਕੀਤੇ ਜਾਣ ਵਾਲੇ ਘਿਰਾਓ ਵਿੱਚ ਲੇਕ ਸਪੋਰਟਸ ਵਰਕਰ ਵੀ ਸ਼ਮੂਲੀਅਤ ਕਰਨਗੇ।