ਯੂਟੀ ਅਤੇ ਐੱਮਸੀ ਮੁਲਾਜ਼ਮਾਂ ਵੱਲੋਂ ਸੈਕਟਰ-17 ਵਿੱਚ ਪ੍ਰਦਰਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 20 ਸਤੰਬਰ
ਫੈਡਰੇਸ਼ਨ ਆਫ ਯੂਟੀ ਐਂਪਲਾਈਜ਼ ਤੇ ਵਰਕਰਜ਼ ਚੰਡੀਗੜ੍ਹ ਦੇ ਸੱਦੇ ’ਤੇ ਚੰਡੀਗੜ੍ਹ, ਯੂਟੀ, ਐੱਮਸੀ ਅਤੇ ਹੋਰ ਵਿਭਾਗੀ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਮੰਗਾਂ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਅਧਿਕਾਰੀਆਂ ਦੇ ਰਵੱਈਏ ਖ਼ਿਲਾਫ਼ ਸੈਕਟਰ-17 ਸਥਿਤ ਪਰੇਡ ਗਰਾਊਂਡ ਨੇੜੇ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਸਕੱਤਰੇਤ ਵੱਲ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਤਾਂ ਪੁਲੀਸ ਫੋਰਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਰੁਪੇਸ਼ ਕੁਮਾਰ ਰਾਹੀਂ ਪ੍ਰਸ਼ਾਸਕ ਦੇ ਸਲਾਹਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਫੈਡਰੇਸ਼ਨ ਪ੍ਰਧਾਨ ਰਘਬੀਰ ਚੰਦ ਦੀ ਅਗਵਾਈ ਹੇਠ ਕੀਤੇ ਪ੍ਰਦਰਸ਼ਨ ਵਿੱਚ ਬਿਜਲੀ, ਪਾਣੀ, ਬਾਗ਼ਬਾਨੀ, ਸੜਕਾਂ, ਨਗਰ ਨਿਗਮ ਮਨੀਮਾਜਰਾ, ਆਈਸੀਸੀਡਬਲਿਊ, ਜਨਰਲ ਹਸਪਤਾਲ ਸੈਕਟਰ-16, ਸਮਾਰਟ ਸਿਟੀ, ਇਲੈਕਟ੍ਰੀਕਲ, ਸਿਹਤ ਆਦਿ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਨਵੀਂ ਪੈਨਸ਼ਨ ਪ੍ਰਣਾਲੀ ਨੂੰ ਰੱਦ ਕਰਨ, ਪੀਐੱਫਆਰਡੀਏ ਨੂੰ ਖ਼ਤਮ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਹਰ ਤਰ੍ਹਾਂ ਦੇ ਠੇਕਾ, ਆਊਟਸੋਰਸ ਆਦਿ ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਨੂੰ ਰੈਗੂਲਰ ਕਰਵਾਉਣ ਸਣੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈ।
ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈੱਡਰੇਸ਼ਨ ਦੇ ਸਕੱਤਰ ਐੱਨਡੀ ਤਿਵਾੜੀ, ਫੈੱਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕਟੋਚ, ਧਿਆਨ ਸਿੰਘ, ਹਰਕੇਸ਼ ਚੰਦ, ਅਮਰੀਕ ਸਿੰਘ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਮੁਲਾਜ਼ਮਾਂ ਦਾ ਲਗਾਤਾਰ ਦੇਸ਼ ਵਿਆਪੀ ਅੰਦੋਲਨ ਹੈ। ਇਸ ਕਾਰਨ ਪੁਰਾਣੀਆਂ ਪੈਨਸ਼ਨਾਂ ਦੀ ਬਹਾਲੀ, ਆਊਟਸੋਰਸਡ ਠੇਕਾ ਕਾਮਿਆਂ ਨੂੰ ਰੈਗੂਲਰ ਕਰਨਾ, ਲੱਖਾਂ ਖਾਲੀ ਅਸਾਮੀਆਂ ਨੂੰ ਭਰਨਾ ਸਿਆਸੀ ਮੁੱਦੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸਿਆਸੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦੀ ਹੈ, ਉਸ ਨੂੰ ਚੋਣਾਂ ਵਿੱਚ ਇਸ ਦਾ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਇੱਕ ਦੇਸ਼, ਇੱਕ ਕਾਨੂੰਨ ਦੀ ਵਕਾਲਤ ਕਰਨ ਵਾਲੇ ਸਿਆਸਤਦਾਨਾਂ ਨੂੰ ਸਵਾਲ ਕੀਤਾ ਕਿ ਇੱਕ ਦੇਸ਼ ਵਿੱਚ ਦੋ ਤਰ੍ਹਾਂ ਦੀਆਂ ਪੈਨਸ਼ਨਾਂ (ਓ.ਪੀ.ਐੱਸ. ਤੇ ਐੱਨ.ਪੀ.ਐੱਸ.) ਅਤੇ ਇੱਕ ਦੇਸ਼ ਵਿੱਚ ਦੋ ਤਰ੍ਹਾਂ ਦੇ ਮੁਲਾਜ਼ਮ (ਰੈਗੂਲਰ ਅਤੇ ਆਊਟਸੋਰਸਡ) ਵੀ ਨਹੀਂ ਹੋਣੇ ਚਾਹੀਦੇ ਹਨ।