ਮੰਡੀਆਂ ’ਚੋਂ ਝੋਨਾ ਨਾ ਚੁੱਕਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਦਰਸ਼ਨ
ਜੇਬੀ ਸੇਖੋਂ
ਗੜ੍ਹਸ਼ੰਕਰ, 6 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਗੁਰਨੇਕ ਸਿੰਘ ਭੱਜਲ ਅਤੇ ਅੱਛਰ ਸਿੰਘ ਦੀ ਅਗਵਾਈ ਹੇਠ ਦਾਣਾ ਮੰਡੀ ਗੜ੍ਹਸ਼ੰਕਰ ਵਿੱਚ ਝੋਨੇ ਦੀ ਹੋ ਰਹੀ ਬੇਕਦਰੀ ਅਤੇ ਚੁਕਾਈ ਦਾ ਪ੍ਰਬੰਧ ਨਾ ਹੋਣ ਕਾਰਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਹੁੰਚ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਪਰ ਸਰਕਾਰ ਵੱਲੋਂ ਨਾ ਤਾਂ ਝੋਨੇ ਦੀ ਖ਼ਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਝੋਨੇ ਦੀ ਚੁਕਾਈ ਨੂੰ ਲੈ ਕੇ ਸਰਕਾਰ ਗੰਭੀਰ ਨਜ਼ਰ ਆ ਰਹੀ ਹੈ। ਇਸ ਨਾਲ ਕਿਸਾਨ ਮੰਡੀਆਂ ਵਿੱਚ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਉੱਪਰੋਂ ਖ਼ਰਾਬ ਮੌਸਮ ਕਾਰਨ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਜੇ ਸਰਕਾਰ ਨੇ ਜਲਦ ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਦਰੁਸਤ ਕਰ ਕੇ ਝੋਨੇ ਨੂੰ ਮੰਡੀਆਂ ਵਿੱਚੋਂ ਚੁੱਕਣ ਦੇ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਕਿਸਾਨਾਂ ਵੱਲੋਂ ਸਮੂਹ ਜਥੇਬੰਦੀਆਂ ਦੇ ਨਾਲ ਵੱਡੀ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਬਖਸ਼ੀਸ਼ ਸਿੰਘ, ਪ੍ਰੇਮ ਰਾਣਾ, ਸਤਨਾਮ ਸਿੰਘ, ਰਜਿੰਦਰ ਸਿੰਘ, ਜੁਝਾਰ ਸਿੰਘ, ਗੁਰਦੇਵ ਸਿੰਘ, ਨਰਿੰਦਰ, ਇੰਦਰਜੀਤ ਸਿੰਘ, ਜੱਸਾ ਅਤੇ ਗੋਪਾਲ ਥਾਂਦੀ ਆਦਿ ਹਾਜ਼ਰ ਸਨ।
ਛੇਵੇਂ ਦਿਨ ਵੀ ਨਾ ਹੋਈ ਝੋਨੇ ਦੀ ਖ਼ਰੀਦ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪੱਲੇਦਾਰਾਂ, ਆੜ੍ਹਤੀਆਂ ਅਤੇ ਸ਼ੈੱਲਰਾਂ ਵਾਲਿਆਂ ਦੀ ਹੜਤਾਲ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ। ਹੜਤਾਲ ਕਾਰਨ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਸ਼ੈੱਲਰ ਐਸ਼ੋਸੀਏਸਨ ਦੇ ਆਗੂ ਹਰੀਸ ਮਿੱਤਲ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਸ਼ੈੱਲਰ ਮਾਲਕਾਂ ਨਾਲ ਸਮਝੌਤਾ ਕਰਨ ਦੇ ਬਿਆਨ ਦਿੱਤੇ ਹਨ ਪਰ ਸੋਮਵਾਰ ਨੂੰ ਸਰਕਾਰ ਨਾਲ ਹੋਣ ਵਾਲੇ ਲਿਖਤੀ ਸਮਝੌਤੇ ਤੋਂ ਉਪਰੰਤ ਖ਼ਰੀਦ ਕਰਨ ਬਾਰੇ ਪਤਾ ਲੱਗੇਗਾ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਅਗਰਵਾਲ ਨੇ ਵੀ ਕਿਹਾ ਕਿ ਸੋਮਵਾਰ ਨੂੰ ਕੀ ਫ਼ੈਸਲਾ ਹੁੰਦਾ ਹੈ, ਉਸ ਤੋਂ ਬਾਅਦ ਝੋਨੇ ਦੀ ਖ਼ਰੀਦ ਬਾਰੇ ਫ਼ੈਸਲਾ ਕੀਤਾ ਜਾਵੇਗਾ। ਲੇਬਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬਿੱਲੂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਦੀਆਂ, ਉਹ ਝੋਨੇ ਦੀ ਖ਼ਰੀਦ ’ਚ ਸਹਿਯੋਗ ਨਹੀਂ ਕਰਨਗੇ।