ਮਾਈਕਰੋ ਕੰਟੇਨਮੈਂਟ ਜ਼ੋਨ ਵਿਰੁੱਧ ਕਲੋਨੀ ਵਾਸੀਆਂ ਵੱਲੋਂ ਪ੍ਰਦਰਸ਼ਨ
ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਜੁਲਾਈ
ਐੱਸਡੀਐੱਮ ਲਹਿਰਾਗਾਗਾ ਮੈਡਮ ਜੀਵਨਜੋਤ ਕੌਰ ਦੀਆਂ ਹਿਦਾਇਤਾਂ ’ਤੇ ਵਾਰਡ ਨੰਬਰ ਪੰਜ ਦੇ ਪੰਜਾਬੀ ਬਾਗ ਕਲੋਨੀ ਵਿੱਚ ਬਣਾਏ ਮਾਈਕਰੋ ਕੰਟੇਨਮੈਂਟ ਜ਼ੋਨ ਨੂੰ ਲੈ ਕੇ ਉਸ ਸਮੇਂ ਸਥਿਤੀ ਤਨਾਅ- ਪੂਰਨ ਹੋ ਗਈ ਜਦੋਂ ਕਲੋਨੀ ਵਾਸੀਆਂ ਨੇ ਇਸ ਕਲੋਨੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ। ਵਸਨੀਕਾਂ ਨੇ ਦਾਅਵਾ ਕੀਤਾ ਕਿ ਕਲੋਨੀ ਵਿੱਚ ਕੁਝ ਦਨਿ ਪਹਿਲਾਂ ਦੋ ਕਰੋਨਾ ਪਾਜ਼ੇਟਿਵ ਕੇਸ ਆਏ ਸਨ ਜਨਿ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਭੇਜਿਆ ਹੋਇਆ ਹੈ। ਇਸ ਪਿੱਛੋਂ ਉਨ੍ਹਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਸੈਂਪਲ ਵੀ ਟੈਸਟ ਲਈ ਭੇਜੇ ਗਏ ਸਨ, ਜਨਿ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਵੇਂ ਹੀ ਅੱਜ ਕੰਟੇਨਮੈਂਟ ਜ਼ੋਨ ਦੀ ਟੀਮ ਨੇ ਕਲੋਨੀ ਵਾਸੀਆਂ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਤਾਂ ਕਲੋਨੀ ਵਾਸੀਆਂ ਨੇ ਮਜ਼ਬੂਰਨ ਕਰੋਨਾ ਸਬੰਧੀ ਜਾਰੀ ਕੀਤੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਕਲੋਨੀ ਗੇਟ ਨੇੜੇ ਧਰਨਾ ਦੇ ਦਿੱਤਾ ਤੇ ਸੁਰਿੰਦਰ ਸਿੰਘ ਤਹਿਸੀਲਦਾਰ ਲਹਿਰਾਗਾਗਾ, ਇੰਸਪੈਕਟਰ ਸੁਖਦੀਪ ਸਿੰਘ ਐੱਸਐੱਚਓ, ਸੁਖਵਿੰਦਰ ਸਿੰਘ ਥਾਣੇਦਾਰ, ਐੱਸਐੱਮਓ ਡਾ. ਸੂਰਜ ਸ਼ਰਮਾ ਨੂੰ ਆਪਣਾ ਰੋਸ ਦਰਜਜ ਕਰਵਾਉਂਦੇ ਹੋਏ ਕਿਹਾ ਕਿ ਕਲੋਨੀ ਨੂੰ ਤਾਂ ਸਿਰਫ ਦੋ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਹੀ ਇਸ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾ ਕੇ ਸੀਲ ਕਰ ਦਿੱਤਾ ਜਦੋਂਕਿ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਕਈ ਕਈ ਕੇਸ ਆਉਣ ਦੇ ਬਾਵਜੂਦ ਉਨ੍ਹਾਂ ਵਾਰਡਾਂ ਵਿੱਚ ਨਾ ਤਾਂ ਕੋਈ ਸੈਂਪਲਿੰਗ ਕੀਤੀ ਗਈ ਤੇ ਨਾ ਹੀ ਇਨ੍ਹਾਂ ਵਾਰਡਾਂ ਨੂੰ ਸੀਲ ਕੀਤਾ ਗਿਆ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਲਈ ਘੱਟੋ ਘੱਟ 6 ਕੇਸ ਹੋਣੇ ਜ਼ਰੂਰੀ ਹਨ। ਪ੍ਰਸ਼ਾਸਨ ਤੇ ਕਲੋਨੀ ਵਾਸੀਆਂ ਵਿਚਕਾਰ ਘੰਟਿਆਂਬੱਧੀ ਸਥਿਤੀ ਤਨਾਅ ਪੂਰਨ ਚੱਲਦੀ ਰਹੀ ਪਰ ਮਾਮਲਾ ਉਸ ਸਮੇਂ ਸ਼ਾਂਤ ਹੋ ਗਿਆ ਜਦੋਂ ਅਧਿਕਾਰੀਆਂ ਨੇ ਕਲੋਨੀ ਦਾ ਗੇਟ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਇਲਾਵਾ ਕਲੋਨੀ ਵਾਸੀਆਂ ਨੂੰ ਆਉਣ ਜਾਣ ਦੀ ਖੁੱਲ੍ਹ ਵੀ ਦੇ ਦਿੱਤੀ।
ਇਸੇ ਦੌਰਾਨ ਐੱਸਐੱਮਓ ਡਾ. ਸੂਰਜ ਸ਼ਰਮਾ ਦੀਆਂ ਹਿਦਾਇਤਾਂ ’ਤੇ ਆਸ਼ਾ ਵਰਕਰਾਂ ਵੱਲੋਂ ਕਲੋਨੀ ਵਾਸੀਆਂ ਦੀ ਥਰਮਲ ਸਕਰੀਨਿੰਗ ਵੀ ਕੀਤੀ ਗਈ। ਡਾ. ਸੂਰਜ ਸ਼ਰਮਾ ਨੇ ਕਲੋਨੀ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਵੀ ਕਲੋਨੀ ਵਾਸੀ ਕਰੋਨਾ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਕੇ ਬਨਿਾਂ ਕਿਸੇ ਝਿਜਕ ਟੈਸਟ ਕਰਵਾ ਸਕਦਾ ਹੈ।