ਜੋਧਪੁਰ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਮੁਜ਼ਾਹਰਾ
ਗੁਰਬਖਸ਼ਪੁਰੀ
ਤਰਨ ਤਾਰਨ, 21 ਨਵੰਬਰ
ਇਲਾਕੇ ਦੇ ਪਿੰਡ ਜੋਧਪੁਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਹੀ ‘ਨੋਟਾਂ’ ਤੋਂ ਘੱਟ ਵੋਟਾਂ ਲੈਣ ਵਾਲੇ ਉਮੀਦਵਾਰ ਨੂੰ ਸਰਪੰਚ ਬਣਾ ਦੇਣ ਖਿਲਾਫ਼ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਸ ਵਿਖਾਵਾ ਕੀਤਾ। ਲੋਕਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਵਿਖਾਵਾਕਾਰੀਆਂ ਦੀ ਅਗਵਾਈ ਕਰਦੇ ਪਿੰਡ ਵਾਸੀ ਅਜੀਤ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਸ਼ਮਸ਼ੇਰ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਦੇਸ਼ ਦੇ ਸੰਵਿਧਾਨ ਅਨੁਸਾਰ ਪਿੰਡ ਦੇ ਲੋਕਾਂ ਨੇ ‘ਨੋਟਾਂ’ ਦੇ ਹੱਕ ਵਿੱਚ ਵਧੇਰੇ ਵੋਟਾਂ ਦੇ ਕੇ ਜਦੋਂ ਸਰਪੰਚ ਦੀ ਚੋਣ ਲੜਦੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ ਹੈ ਤਾਂ ਉਨ੍ਹਾਂ ਵਿੱਚੋਂ ਸਰਪੰਚ ਬਣਾਉਣ ਦੀ ਦੇਸ਼ ਦਾ ਸੰਵਿਧਾਨ ਆਗਿਆ ਨਹੀਂ ਦਿੰਦਾ, ਜਿਸ ਕਰਕੇ ਪਿੰਡ ਦੇ ਸਰਪੰਚ ਦੀ ਚੋਣ ਦੁਬਾਰਾ ਕਰਵਾਈ ਜਾਣੀ ਚਾਹੀਦੀ ਹੈ। ਸਰਪੰਚ ਦੀ ਚੋਣ ਵਿੱਚ ਪਿੰਡ ਦੇ 368 ਲੋਕਾਂ ਨੇ ‘ਨੋਟਾ’ ਦੇ ਹੱਕ ਵਿੱਚ ਅਤੇ ਸਰਪੰਚ ਦੀ ਚੋਣ ਲੜਦੇ ਉਮੀਦਵਾਰ ਬਲਵਿੰਦਰ ਕੌਰ ਅਤੇ ਰਾਣੀ ਨੂੰ ਕਰਮਵਾਰ 271 ਅਤੇ 247 ਵੋਟਾਂ ਦਿੱਤੀਆਂ ਸਨ। ਪ੍ਰਸ਼ਾਸਨ ਨੇ ਬਲਵਿੰਦਰ ਕੌਰ ਨੂੰ ਸਰਪੰਚ ਬਣਾ ਦਿੱਤਾ ਹੈ ਜਿਸ ਦਾ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਮਾਮਲਾ ਚੋਣ ਕਮਿਸ਼ਨ ਨੂੰ ਭੇਜਿਆ: ਡੀਸੀ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਮੰਨਿਆ ਕਿ ‘ਨੋਟਾ’ ਨੂੰ ਉਮੀਦਵਾਰਾਂ ਤੋਂ ਵਧੇਰੇ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਆਪਣੀ ਤਰ੍ਹਾਂ ਦੇ ਕੇਸ ’ਤੇ ਵਿਚਾਰ ਕਰਨ ਲਈ ਕੇਸ ਭੇਜਿਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਦਾ ਪਾਬੰਦ ਰਹੇਗਾ।