ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮਿਆਂ ਵੱਲੋਂ ਮੁਜ਼ਾਹਰਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਜੂਨ
ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮਿਆਂ ਨੇ ਬੁੱਧਵਾਰ ਨੂੰ ਸਿੱਖਿਆ ਭਵਨ ਦੇ ਬਾਹਰ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਕੇ ਹੁਕਮਰਾਨਾਂ ਅਤੇ ਉੱਚ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ।
ਮੁਲਾਜ਼ਮ ਆਗੂ ਕੁਲਦੀਪ ਸਿੰਘ, ਪ੍ਰਵੀਨ ਸ਼ਰਮਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਜਗਮੋਹਨ ਸਿੰਘ ਅਤੇ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦੇ ਕੇ ਵੋਟਾਂ ਬਟੋਰੀਆਂ ਸਨ ਪਰ ਹੁਣ ਤੱਕ ਕੱਚੇ ਕਾਮਿਆਂ ਦੇ ਕੁੱਝ ਵੀ ਪੱਲੇ ਨਹੀਂ ਪਿਆ। ਉਹ ਪਿਛਲੇ ਇੱਕ ਸਾਲ ਤੋਂ ਪੂਰੀ ਤਨਖ਼ਾਹ ਅਤੇ ਪੱਕੇ ਹੋਣ ਦੇ ਆਰਡਰ ਮਿਲਣ ਦੀ ਉਡੀਕ ਕਰ ਰਹੇ ਹਨ। ਆਗੂਆਂ ਨੇ ਮੁੱਖ ਮੰਤਰੀ ‘ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿੱਖਿਆ ਮੰਤਰੀਆਂ (ਪਹਿਲਾਂ ਮੀਤ ਹੇਅਰ ਤੇ ਮਗਰੋਂ ਹਰਜੋਤ ਸਿੰਘ ਬੈਂਸ) ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕਿਸੇ ਨੇ ਵੀ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਹ ਹੈ। ਉਨ੍ਹਾਂ ਮੰਗਾਂ ਮੰਨਣ ਦੀ ਅਪੀਲ ਕੀਤੀ।
ਮੀਟਿੰਗ ਦੇ ਭਰੋਸੇ ਮਗਰੋਂ ਮੁਲਾਜ਼ਮ ਹੋਏ ਸ਼ਾਂਤ
ਮੁਹਾਲੀ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਆਗੂਆਂ ਦੀ ਸਿੱਖਿਆ ਮੰਤਰੀ ਦੇ ਓਐਸਡੀ ਅਤੇ ਡੀਜੀਐੱਸਈ ਨਾਲ ਮੀਟਿੰਗ ਕਰਵਾਈ ਗਈ। ਇਸ ਮੌਕੇ ਤਨਖ਼ਾਹ ਅਨਾਮਲੀ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਚਰਚਾ ਕੀਤੀ ਗਈ। ਓਐੱਸਡੀ ਅਤੇ ਡੀਜੀਐੱਸਈ ਨੇ ਅੱਠ ਜੂਨ ਨੂੰ ਸਵੇਰੇ 11 ਵਜੇ ਜਥੇਬੰਦੀ ਨਾਲ ਮੀਟਿੰਗ ਕਰਨ ਅਤੇ ਜਾਇਜ਼ ਮੰਗਾਂ ਦਾ ਨਿਬੇੜਾ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ।