ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੇ ਨਿਵੇਸ਼ਕਾਂ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 2 ਅਕਤੂਬਰ
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਸਹੀ ਰੂਪ ਵਿੱਚ ਚਾਲੂ ਨਾ ਹੋਣ ਕਾਰਨ ਪਹਿਲਾਂ ਹੀ ਸ਼ਹਿਰ ਵਾਸੀਆਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਉੱਥੇ ਹੁਣ ਇਸ ਪ੍ਰਾਜੈਕਟ ਲਈ ਨਿਵੇਸ਼ ਕਰਨ ਵਾਲੇ ਨਿਵੇਸ਼ਕ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਮੌਕੇ ’ਤੇ ਸੱਦ ਕੇ ਹੱਡ-ਬੀਤੀ ਦੱਸੀ।
ਨਿਵੇਸ਼ਕਾਂ ਨੇ ਦੱਸਿਆ ਕਿ ਉਨ੍ਹਾਂ ਨੇ 2010 ਤੋਂ 2012 ਦਰਮਿਆਨ ਇੱਥੇ ਪੈਸੇ ਲਗਾਏ ਸਨ ਅਤੇ ਉਨ੍ਹਾਂ ਨੂੰ ਕੰਪਨੀ ਨੇ ਕਈ ਸਬਜ਼ਬਾਗ਼ ਦਿਖਾਏ ਸਨ। ਉਨ੍ਹਾਂ ਨੂੰ ਤਿੰਨ ਸਾਲਾਂ ਵਿੱਚ ਦਫ਼ਤਰਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਟਾਵਰ ਬਣਾਏ ਹੀ ਨਹੀਂ ਗਏ। ਕੁੱਝ ਨਿਵੇਸ਼ਕਾਂ ਨੇ ਹਰ ਮਹੀਨੇ ਵਾਪਸੀ ਦੇ ਆਧਾਰ ’ਤੇ ਪੈਸੇ ਭਰੇ ਸਨ ਪਰ ਬਾਅਦ ਵਿੱਚ ਕੰਪਨੀ ਮੁੱਕਰ ਗਈ। ਇੱਕ ਨਿਵੇਸ਼ਕ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੀ ਪੈਨਸ਼ਨ ਦੇ 15 ਲੱਖ ਰੁਪਏ ਦੀ ਰਕਮ ਇੱਥੇ ਲਗਾਈ ਸੀ ਉਡੀਕ ਕਰਦਿਆਂ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ। ਸਬੰਧਤ ਨਿਵੇਸ਼ਕ ਪਿਛਲੇ ਡੇਢ ਦਹਾਕੇ ਤੋਂ ਆਪਣੇ ਪੈਸੇ ਵਾਪਸ ਲੈਣ ਲਈ ਤਰਲੇ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਖ਼ਪਤਕਾਰ ਅਦਾਲਤ ਵਿੱਚ ਕੇਸ ਵੀ ਜਿੱਤ ਚੁੱਕੇ ਹਨ। ਅਦਾਲਤ ਨੇ 12 ਫ਼ੀਸਦੀ ਵਿਆਜ ਨਾਲ ਪੈਸੇ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਹੁਣ ਤੱਕ ਇੱਕ ਧੇਲਾ ਨਹੀਂ ਮਿਲਿਆ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੱਸ ਅੱਡਾ ਬਣਾਉਣ ਸਮੇਂ ਪ੍ਰਾਈਵੇਟ ਕੰਪਨੀ ਨੇ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲਗਵਾ ਲਈ, ਜੋ ‘ਬੀ’ ਅਤੇ ‘ਸੀ’ ਟਾਵਰ ਵਿੱਚ ਦਫ਼ਤਰ ਦੇਣ ਲਈ ਨਿਵੇਸ਼ ਕਰਵਾਇਆ ਸੀ, ਉਹ ਟਾਵਰ ਬਣੇ ਹੀ ਨਹੀਂ। ਉਨ੍ਹਾਂ ਕਿਹਾ ਕਿ ਬੱਸ ਅੱਡਾ ਚਾਲੂ ਕਰਵਾਉਣ ਅਤੇ ਬੰਦੀ ਕੀਤੀ ਸੜਕ ਨੂੰ ਆਵਾਜਾਈ ਲਈ ਖੋਲ੍ਹਣ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ ਗਿਆ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਨਵੀਂ ਕੰਪਨੀ ਖ਼ਿਲਾਫ਼ ਵੀ ਨੈਸ਼ਨਲ ਟ੍ਰਿਬਿਊਨਲ ਵਿੱਚ ਕੇਸ ਦਾਇਰ ਕੀਤਾ ਗਿਆ ਹੈ ਅਤੇ ਹਾਈ ਕੋਰਟ ਵਿੱਚ ਵੀ ਕੇਸ ਵਿਚਾਰ ਅਧੀਨ ਹੈ। ਗਮਾਡਾ ਨੇ ਵੀ ਕੰਪਨੀ ਖ਼ਿਲਾਫ਼ ਵੱਖਰਾ ਕੇਸ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਨਿਵੇਸ਼ਕਾਂ ਨੂੰ ਪੂਰੇ ਪੈਸੇ ਵਿਆਜ ਸਮੇਤ ਵਾਪਸ ਕੀਤੇ ਜਾਣ ਜਾਂ ਉਨ੍ਹਾਂ ਨੂੰ ਵਾਅਦੇ ਅਨੁਸਾਰ ਕਬਜ਼ਾ ਦਿੱਤਾ ਜਾਵੇ। ਇਸ ਮੌਕੇ ਗਿਆਨ ਸਿੰਘ ਥਿੰਦ, ਵਿਮਲ ਰਾਏ ਕਟਾਰੀਆ, ਡਾ. ਹਰਪ੍ਰੀਤ ਸਿੰਘ, ਉਪਕਾਰ ਸਿੰਘ, ਡਾ. ਕੇਵਲ ਕ੍ਰਿਸ਼ਨ, ਜਸਪਾਲ ਸਿੰਘ, ਐਮਪੀ ਸਿੰਘ, ਰਵਿੰਦਰ ਕੌਰ, ਸਾਈਮਨ ਪੀਟਰ ਸਮੇਤ ਹੋਰ ਨਿਵੇਸ਼ਕ ਮੌਜੂਦ ਸਨ।