ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਮੁਜ਼ਾਹਰਾ
ਸਰਬਜੀਤ ਸਿੰਘ ਭੱਟੀ
ਲਾਲੜੂ , 26 ਸਤੰਬਰ
ਨਗਰ ਕੌਂਸਲ ਲਾਲੜੂ ਤੇ ਸਾਹਮਣੇ ਕਾਰਜਸਾਧਕ ਅਫ਼ਸਰ ਦੇ ਖ਼ਿਲਾਫ਼ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਲਾਲੜੂ ਦੇ ਪ੍ਰਧਾਨ ਪਰਵੀਨ ਕੁਮਾਰ, ਜਨਰਲ ਸਕੱਤਰ ਨਵੀਨ ਸਿੰਘ, ਚੇਅਰਮੈਨ ਗੁਰਸੇਵਕ ਸਿੰਘ ਅਤੇ ਤਰਲੋਚਨ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਸੋਮਪਾਲ ਰਾਣਾ, ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਅਤੇ ਮੁਜ਼ਾਹਰਾ ਕੀਤਾ ਗਿਆ।
ਧਰਨੇ ਨੂੰ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਕਨਵੀਨਰ ,ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੁਖਦੇਵ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਨਗਰ ਕੌਂਸਲ ਲਾਲੜੂ ਦੇ ਅਫਸਰਾਂ ਵੱਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 27 ਸਤੰਬਰ ਤੋਂ ਲਗਾਤਾਰ ਕੰਮ ਕਾਜ ਵਾਲੇ ਦਿਨ ਨਗਰ ਕੌਂਸਲ ਦੇ ਦਫਤਰ ਮੁਹਰੇ 5 ਕਰਮਚਾਰੀ ਸਵੇਰ ਤੋਂ ਸ਼ਾਮ ਤੱਕ ਭੁੱਖ ਹੜਤਾਲ ’ਤੇ ਰੋਜ਼ਾਨਾ ਬੈਠਣਗੇ। ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਵਧੀਕੀਆਂ ਖ਼ਿਲਾਫ ਸ਼ਾਮ ਸਮੇਂ ਸ਼ਹਿਰ ਵਿੱਚ ਮਾਰਚ ਵੀ ਕੀਤਾ ਜਾਵੇਗਾ। ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਈਓ ਨਗਰ ਕੌਂਸਲ ਲਾਲੜੂ ਦੀ ਰਿਹਾਇਸ਼ ਚੰਡੀਗੜ੍ਹ ਤੇ ਐੱਸਆਈ ਰਣਜੀਤ ਸਿੰਘ ਦੀ ਰਿਹਾਇਸ਼ ਮੁਹਾਲੀ, ਪ੍ਰਧਾਨ ਦੀ ਰਿਹਾਇਸ਼ ਲਾਲੜੂ ਅਤੇ ਠੇਕੇਦਾਰ ਅਸ਼ਵਨੀ ਰਾਏ ਅਤੇ ਸੀਮਾ ਸ਼ਰਮਾ ਦੀ ਰਿਹਾਇਸ਼ ਪਟਿਆਲਾ ਵਿੱਚ ਸ਼ਾਮ ਵੇਲੇ ਜਗਰਾਤਾ ਵੀ ਕੀਤਾ ਜਾ ਸਕਦਾ ਹੈ।