ਡੈਮ ਮੁਲਾਜ਼ਮਾਂ ਵੱਲੋਂ ਮੁੱਖ ਇੰਜਨੀਅਰ ਦਫ਼ਤਰ ਅੱਗੇ ਪ੍ਰਦਰਸ਼ਨ
ਐੱਨ.ਪੀ. ਧਵਨ
ਪਠਾਨਕੋਟ, 28 ਅਕਤੂਬਰ
ਸ਼ਾਹਪੁਰਕੰਢੀ ’ਚ ਡੈਮ ਦੇ ਮੁੱਖ ਇੰਜਨੀਅਰ ਦਫਤਰ ਮੂਹਰੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ, ਜਨਰਲ ਸਕੱਤਰ ਵਿਸ਼ਾਲਵੀਰ ਸਿੰਘ, ਕਨਵੀਨਰ ਸਾਂਝਾ ਮੁਲਾਜ਼ਮ ਮੰਚ ਰਾਜੀਵ ਅਵਸਥੀ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਸਬੰਧੀ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਅਜੇ ਅਭਿਸ਼ੇਕ, ਯੋਗੇਸ਼ਵਰ ਸਲਾਰੀਆ, ਨਿਰਵੇਸ਼ ਡੋਗਰਾ, ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ, ਸੁਪਰਡੈਂਟ ਪਰਮਿੰਦਰ ਸਿੰਘ, ਅਸ਼ੋਕ ਕੁਮਾਰ, ਜਰਨੈਲ ਸਿੰਘ, ਜੋਗਿੰਦਰ ਸਿੰਘ, ਪ੍ਰਿਅੰਕਾ ਠਾਕੁਰ, ਰਾਕੇਸ਼, ਰਾਜਨ ਮਨੀ, ਰਣਜੀਤ ਸਿੰਘ, ਕੀਮਤੀ ਲਾਲ ਆਦਿ ਹਾਜ਼ਰ ਸਨ। ਆਗੂਆਂ ਕਿਹਾ ਕਿ ਪੰਜਾਬ ਵਿੱਚ ਰਾਜ ਕਰ ਰਹੀ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਹੈ। ਮੁਲਾਜ਼ਮ ਮੰਗਾਂ ਨਾ ਮੰਨ ਕੇ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ, ਡੀਏ ਦੀਆਂ ਲੰਬਿਤ ਕਿਸ਼ਤਾਂ ਨੂੰ ਜਾਰੀ ਕੀਤਾ ਜਾਵੇ ਤੇ ਉਨ੍ਹਾਂ ਦਾ ਬਣਦਾ ਬਕਾਇਆ ਦਿੱਤਾ ਜਾਵੇ ਅਤੇ ਪੈਨਸ਼ਨਰਾਂ ਦੇ ਅਦਾਲਤ ਵੱਲੋਂ ਜਾਰੀ ਆਦੇਸ਼ਾਂ ਨੂੰ ਲਾਗੂ ਕਰਕੇ ਉਨ੍ਹਾਂ ਦੇ ਬਣਦੇ ਲਾਭ ਦਿੱਤੇ ਜਾਣ। ਉਨ੍ਹਾਂ ਐਲਾਨ ਕੀਤਾ ਕਿ 8 ਨਵੰਬਰ ਨੂੰ ਬਰਨਾਲਾ ’ਚ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਡੈਮ ਤੋਂ ਭਾਰੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਣਗੇ।