ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਮੁਜ਼ਾਹਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਦਿੱਲੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਕਾਲਜ ਵਿੱਚ ਇੱਕ ਦਲਿਤ ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਇਸ ਕਾਰਨ ਵਿਦਿਅਕ ਸੰਸਥਾਵਾਂ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਿਦਿਆਰਥੀ ਨੇ ਦੁਰਵਿਹਾਰ ਦੇ ਦੋਸ਼ਾਂ ਤੋਂ ਬਾਅਦ ਜਾਤੀਵਾਦੀ ਅਪਸ਼ਬਦਾਂ ਅਤੇ ਹਮਲੇ ਦਾ ਦਾਅਵਾ ਕੀਤਾ। ਉਧਰ ਕਾਲਜ ਫੈਕਲਟੀ ਮੈਂਬਰ ਦੇ ਦੁਰਵਿਵਹਾਰ ਦੀ ਚੱਲ ਰਹੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ।
ਵਿਦਿਆਰਥੀ ਜਥੇਬੰਦੀਆਂ ਦਾ ਦਾਅਵਾ ਹੈ ਕਿ ਵਿਭਾਗੀ ਵਟਸਐਪ ਗਰੁੱਪ ਵਿੱਚ ਸਾਂਝੇ ਕੀਤੇ ਅਸ਼ਲੀਲ ਸੰਦੇਸ਼ਾਂ ਬਾਰੇ ਝੂਠੇ ਦੋਸ਼ਾ ਤੋਂ ਬਾਅਦ ਪ੍ਰਿੰਸੀਪਲ ਨੇ ਜਾਤੀਵਾਦੀ ਗਾਲਾਂ ਕੱਢੀਆਂ ਅਤੇ ਸਰੀਰਕ ਤੌਰ ’ਤੇ ਹਮਲਾ ਕੀਤਾ। ਉਧਰ, ਪ੍ਰਿੰਸੀਪਲ ਅਰੁਣ ਕੁਮਾਰ ਅੱਤਰੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਵਿਦਿਆਰਥੀ ਨੂੰ ਜਾਂਚ ਅਧੀਨ ਇੱਕ ਫੈਕਲਟੀ ਮੈਂਬਰ ਵੱਲੋਂ ਨਿੱਜੀ ਲਾਭ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਲਈ ਉਕਸਾਇਆ ਗਿਆ ਸੀ। ਇਸ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਗਰੁੱਪਾਂ ਨੇ ਪ੍ਰਿੰਸੀਪਲ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕਾਲਜ ਦੇ ਬਾਹਰ ਰੈਲੀ ਕੀਤੀ।
ਵਿਦਿਆਰਥੀ ਨੇ ਘਟਨਾ ਕਾਰਨ ਮਾਨਸਿਕ ਸਦਮੇ ਅਤੇ ਮਾਣਹਾਨੀ ਦਾ ਦੋਸ਼ ਲਗਾਉਂਦੇ ਹੋਏ ਯੂਨੀਵਰਸਿਟੀ ਅਧਿਕਾਰੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਤੋਂ ਦਖਲ ਦੀ ਮੰਗ ਕੀਤੀ ਹੈ। ਉਧਰ, ਇਸ ਦੌਰਾਨ, ਕਾਲਜ ਪ੍ਰਸ਼ਾਸਨ ਨੇ ਹਵਾ ਦੀ ਗੁਣਵੱਤਾ ਦਾ ਹਵਾਲਾ ਦਿੰਦੇ ਹੋਏ, ਆਨਲਾਈਨ ਕਲਾਸਾਂ ਵਿੱਚ ਲਾਉਣ ਲਈ ਵੀ ਕਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਮੁਜ਼ਾਹਰਾ ਕਰਦੇ ਰਹਿਣਗੇ।