For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰੀ ਖ਼ਿਲਾਫ਼ ਪ੍ਰਦਰਸ਼ਨ

08:51 AM Jun 21, 2024 IST
ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰੀ ਖ਼ਿਲਾਫ਼ ਪ੍ਰਦਰਸ਼ਨ
ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਚੁੱਕ ਕੇ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
ਜੇਐੱਨਯੂ ਦਿੱਲੀ ਯੂਨੀਵਰਸਿਟੀ ਅਤੇ ਹੋਰ ਕਾਲਜਾਂ ਤੋਂ ਵੱਡੀ ਗਿਣਤੀ ਵਿੱਚ ਆਏ ਵਿਦਿਆਰਥੀਆਂ ਨੇ ਅੱਜ ਸਿੱਖਿਆ ਮੰਤਰਾਲੇ ਦੇ ਨੇੜੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੂੰ ਬੰਦ ਕਰਨ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ। ਕਈ ਵਿਦਿਆਰਥੀਆਂ ਨੂੰ ਪੁਲੀਸ ਹਿਰਾਸਤ ’ਚ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਲੈ ਗਈ ਤੇ ਥੋੜੀ ਦੇਰ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਦਿੱਲੀ ਪੁਲੀਸ ਵੱਲੋਂ ਜੇਐੱਨਯੂਐੱਸਯੂ ਦੇ ਪ੍ਰਧਾਨ ਧਨੰਜੇ, ਏਆਈਐੱਸਏ ਦੇ ਜਨਰਲ ਸਕੱਤਰ, ਪ੍ਰਸੇਨਜੀਤ ਅਤੇ ਏਆਈਐੱਸਏ ਦਿੱਲੀ ਦੀ ਸਕੱਤਰ ਨੇਹਾ ਸਮੇਤ ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰ ਜਥੇਬੰਦੀਆਂ ਦੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਵੱਖ-ਵੱਖ ਥਾਣਿਆਂ ਵਿੱਚ ਲਿਜਾਇਆ ਗਿਆ ਹੈ।
ਦਿੱਲੀ ਭਰ ਤੋਂ ਆਏ ਵਿਦਿਆਰਥੀ ਨੀਟ ਪ੍ਰੀਖਿਆ ਦੇ ਪੇਪਰ ਲੀਕ ਅਤੇ ਉਸ ਤੋਂ ਬਾਅਦ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸਿੱਖਿਆ ਮੰਤਰਾਲੇ ਵਿੱਚ ਇਕੱਠੇ ਹੋਏ। ਵਿਦਿਆਰਥੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਕਈ ਵਿਦਿਆਰਥਣਾਂ ਨੂੰ ਮਰਦ ਪੁਲੀਸ ਮੁਲਾਜ਼ਮਾਂ ਨੇ ਘੜੀਸਿਆ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪੁਲੀਸ ਫੋਰਸ ਹੀ ਇੱਕ ਬਦਲ ਲੱਭਿਆ ਹੈ। ਵਿਦਿਆਰਥੀਆਂ ਨੇ ਧਰਮਿੰਦਰ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਉਹ ਤੁਰੰਤ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਕਿਉਂਕਿ ਹੁਣ ਦੇਸ਼ ਦੇ ਮੁੱਖ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਭ੍ਰਿਸ਼ਟਾਚਾਰ ਸਿਖਰ ’ਤੇ ਫੈਲ ਚੁੱਕਾ ਹੈ। ਉਨ੍ਹਾਂ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੂੰ ਤੁਰੰਤ ਭੰਗ ਕਰਨ ਦੀ ਮੰਗ ਵੀ ਕੀਤੀ ਤੇ ਕਿਹਾ ਕਿ ਇਹ ਸੰਸਥਾ ਆਪਣੀ ਸਾਖ਼ ਗਵਾ ਚੁੱਕੀ ਹੈ। ਉਨ੍ਹਾਂ ਐੱਨਟੀਏ ਦੇ ਡਾਇਰੈਕਟਰ ਖ਼ਿਲਾਫ਼ ਵੀ ਸਖਤ ਕਾਰਵਾਈ ਦੀ ਮੰਗ ਕੀਤੀ।

Advertisement

ਵਿਦਿਆਰਥੀ ਜਥੇਬੰਦੀਆਂ ਵੱਲੋਂ ਜੰਤਰ ਮੰਤਰ ’ਤੇ ਮੁਜ਼ਾਹਰਾ

ਨਵੀਂ ਦਿੱਲੀ: ਸੀਪੀਆਈ (ਐੱਮਐੱਲ) ਲਿਬਰੇਸ਼ਨ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐੱਸਏ), ਆਲ ਇੰਡੀਆ ਵਿਮੈਨਜ਼ ਐਸੋਸੀਏਸ਼ਨ (ਏਆਈਪੀਡਬਲਿਊਏ) ਸਣੇ ਹੋਰ ਜਥੇਬੰਦੀਆਂ ਨੇ ਅੱਜ ਜੰਤਰ ਮੰਤਰ ਵਿਖੇ ਅਰੁੰਧਤੀ ਰਾਏ ਅਤੇ ਸ਼ੇਖ ਸ਼ੌਕਤ ਹੁਸੈਨ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਅਤੇ ਉਨ੍ਹਾਂ ਖ਼ਿਲਾਫ਼ ਸ਼ੁਰੂ ਕੀਤੀ ਯੂਏਪੀਏ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਦੱਸਿਆ ਕਿ ਦਿੱਲੀ ਦੇ ਉਪ ਰਾਜਪਾਲ ਨੇ ਲਗਪਗ 14 ਸਾਲ ਪਹਿਲਾਂ ਹੋਏ ਇੱਕ ਅਪਰਾਧ ਦੇ ਆਧਾਰ ’ਤੇ ਲੇਖਕ ਅਤੇ ਸਾਬਕਾ ਪ੍ਰੋਫੈਸਰ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਲਈ ਦਿੱਲੀ ਪੁਲੀਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਦੀ ਪ੍ਰਕਿਰਤੀ ਅਤੇ ਸਮਾਂ ਇਸ ਮੋਦੀ ਸ਼ਾਸਨ ਦੇ ਅਧੀਨ ਅਸਹਿਮਤੀ ਦੀਆਂ ਸਾਰੀਆਂ ਆਵਾਜ਼ਾਂ ’ਤੇ ਵੱਡੇ ਪੱਧਰ ’ਤੇ ਕਾਰਵਾਈ ਦਾ ਸੰਕੇਤ ਹੈ। ਕਾਮਰੇਡ ਦੀਪਾਂਕਰ ਭੱਟਾਚਾਰੀਆ, ਜਨਰਲ ਸਕੱਤਰ ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਰੋਸ ਮੁਜ਼ਾਹਰੇ ਦੌਰਾਨ ਕਿਹਾ ਕਿ ਯੂਏਪੀਏ ਦੀ ਵਰਤੋਂ ਇਸ ਦੇਸ਼ ਦੇ ਸਰਵੋਤਮ ਦਿਮਾਗਾਂ ਨੂੰ ਚੁੱਪ ਕਰਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਜੋ ਸਰਕਾਰ ਦੇ ਰੁਖ਼ ਨਾਲ ਮੇਲ ਨਹੀਂ ਖਾਂਦੇ। ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਦੀ ਆਲੋਚਨਾ ਕਰਨ ਵਾਲੇ ਸਾਰੇ ਲੋਕਾਂ ਨੂੰ ਯੂਏਪੀਏ ਤਹਿਤ ਬਿਨਾਂ ਮੁਕੱਦਮੇ ਦੇ ਕੈਦ ਕਰਕੇ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੇ ਹੱਥੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਬੋਲਣਾ ਅਤੇ ਖਿੱਤੇ ਵਿੱਚ ਜਮਹੂਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਮੰਗ ਕਰਨਾ ਵੀ ਇੱਕ ਅਜਿਹਾ ਮੁੱਦਾ ਹੈ ਜਿਸ ਬਾਰੇ ਭਾਜਪਾ ਸ਼ਾਸਨ ਕਿਸੇ ਵੀ ਤਰ੍ਹਾਂ ਦੀ ਚਰਚਾ ਅਤੇ ਸਿਆਸੀ ਆਲੋਚਨਾ ਸੁਣਨ ਤੋਂ ਇਨਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸੁਸਾਇਟੀ ਦੇ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ, ਪੱਤਰਕਾਰ ਕਸ਼ਮੀਰ ਅਤੇ ਇਸ ਦੇ ਲੋਕਾਂ ਬਾਰੇ ਬੋਲਣ ਲਈ ਸਖ਼ਤ ਪੀਐੱਸਏ ਅਤੇ ਯੂਏਪੀਏ ਦੇ ਤਹਿਤ ਕੈਦ ਹੋਏ ਹਨ। ਜੇਐੱਨਯੂ ਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਬੋਲਣ ਦੀ ਆਜ਼ਾਦੀ ਅਤੇ ਕਸ਼ਮੀਰ ਦੇ ਲੋਕਾਂ ਦੇ ਅਧਿਕਾਰਾਂ ’ਤੇ ਇਸ ਵਾਰ-ਵਾਰ ਅਤੇ ਨਿਰੰਤਰ ਹਮਲੇ ਵਿਰੁੱਧ ਲੜਨ ਸਹੁੰ ਚੁੱਕਦੇ ਹਨ।

Advertisement
Author Image

sukhwinder singh

View all posts

Advertisement
Advertisement
×