ਵਿਦਿਆਰਥੀਆਂ ਵੱਲੋਂ ਦਿੱਲੀ ਏਮਜ਼ ਦੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ
ਨਵੀਂ ਦਿੱਲੀ, 21 ਸਤੰਬਰ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਨੇ ਏਮਜ਼ ਪ੍ਰਸ਼ਾਸਨ ਦੇ ਖ਼ਿਲਾਫ਼ ਵਿਦਿਆਰਥੀਆਂ ਨੇ ਕਈ ਮੁੱਦਿਆਂ ਨੂੰ ਦਰਸਾਉਂਦੇ ਅਤੇ ਕਾਲਜ ਆਫ਼ ਓਪਟੋਮੈਟਰੀ ਬਣਾਉਣ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਹੋਸਟਲਾਂ ਦੀ ਉਪਲਬਧਤਾ, ਔਰਤਾਂ ਦੀ ਸੁਰੱਖਿਆ ਅਤੇ ਸਿਲੇਬਸ ਨੂੰ ਅਪਗ੍ਰੇਡ ਨਾ ਕੀਤੇ ਜਾਣ ਵਰਗੇ ਮੁੱਦਿਆਂ ਦਾ ਹਵਾਲਾ ਦਿੱਤਾ। ਏਮਜ਼ ਦੇ ਬੈਚਲਰ ਆਫ਼ ਓਪਟੋਮੈਟਰੀ ਦੇ ਵਿਦਿਆਰਥੀ ਨਸੀਰ ਹਸਨ ਨੇ ਕਿਹਾ ਕਿ ਉਨ੍ਹਾਂ ਦੀ ਮੁੱਢਲੀ ਮੰਗ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਏਮਜ਼ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪਾਠਕ੍ਰਮ ਨੂੰ ਲਾਗੂ ਨਹੀਂ ਕੀਤਾ ਹੈ। ਏਮਜ਼ ਸਾਨੂੰ ਸਿੱਖਿਆ ਪ੍ਰਦਾਨ ਕਰਨ ਤੋਂ ਅਸਮਰੱਥ ਹੈ, ਉਹ ਆਪਟੋਮੈਟਰੀ ਕਾਲਜ ਨਹੀਂ ਬਣਾ ਰਹੇ ਹਨ ਅਤੇ ਸਾਨੂੰ ਪੜ੍ਹਾਉਣ ਲਈ ਅਧਿਆਪਕਾਂ ਨੂੰ ਨਿਯੁਕਤ ਨਹੀਂ ਕੀਤਾ ਗਿਆ।
ਮੈਡੀਕਲ ਦੇ ਪਹਿਲੇ ਸਾਲ ਦੀ ਵਿਦਿਆਰਥਣ ਆਸ਼ਾ ਚੌਧਰੀ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਆਉਣ ’ਤੇ ਹੋਸਟਲ ਅਲਾਟ ਨਹੀਂ ਕੀਤੇ ਜਾਂਦੇ ਹਨ ਅਤੇ ਔਰਤਾਂ ਦੀ ਸੁਰੱਖਿਆ ਵੀ ਇੱਕ ਮੁੱਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ਤੋਂ ਅਸੀਂ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਹਾਂ, ਪਰ ਸਾਡੀ ਸੁਣਵਾਈ ਨਹੀਂ ਹੋ ਰਹੀ।
ਵਿਦਿਆਰਥੀਆਂ ਨੇ ਕਿਹਾ ਕਿ ਇਸ ਸਬੰਧੀ ਅੱਜ ਮੀਟਿੰਗ ਵੀ ਹੋਈ ਅਤੇ ਇਸੇ ਤਰ੍ਹਾਂ ਪਹਿਲਾਂ ਵੀ 2-3 ਮੀਟਿੰਗਾਂ ਹੋਈਆਂ, ਪਰ ਉਹ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ। ਸਾਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਅਸੀਂ ਆਪਣਾ ਵਿਰੋਧ ਖ਼ਤਮ ਨਾ ਕੀਤਾ ਤਾਂ ਲਾਠੀਚਾਰਜ ਕੀਤਾ ਜਾਵੇਗਾ। ਏਮਜ਼ 'ਚ ਹੁਣ ਵੀ 50 ਦੇ ਕਰੀਬ ਪੁਲੀਸ ਮੁਲਾਜ਼ਮ ਮੌਜੂਦ ਹਨ, ਇਸ ਕਾਰਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ। ਏਐਨਆਈ