ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀਸੀ ਦਫ਼ਤਰ ਅੱਗੇ ਪ੍ਰਦਰਸ਼ਨ
ਕੁਲਦੀਪ ਸਿੰਘ
ਚੰਡੀਗੜ੍ਹ, 21 ਅਕਤੂਬਰ
ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਸੈਨੇਟ ਦੀਆਂ ਚੋਣਾਂ ਕਰਵਾਉਣ ਵਿੱਚ ਨਾਕਾਮ ਰਹਿਣ, ਫੀਸਾਂ ਵਿੱਚ ਵਾਧੇ ਰੋਕਣ ਅਤੇ ਪੀਯੂ ਅਥਾਰਿਟੀ ਵੱਲੋਂ ਕੀਤੇ ਵਾਅਦੇ ਅਨੁਸਾਰ ਓਬੀਸੀ ਰਾਖਵੇਂਕਰਨ ਨੂੰ ਲਾਗੂ ਨਾ ਕਰਨ ਖ਼ਿਲਾਫ਼ ਅੱਜ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਐੱਸਐੱਫਐੱਸ, ਸੱਥ, ਅੰਬੇਡਕਰ ਸਟੂਡੈਂਟਸ ਫੈਡਰੇਸ਼ਨ, ਸੀਵਾਈਐੱਸ, ਪੀਐੱਫਯੂਐੱਸ, ਏਐੱਸਏ, ਸੋਪੂ, ਆਰਐੱਸਏ, ਐੱਸਐੱਫ, ਪੂਸੂ, ਪੀਐੱਸਯੂ (ਲਲਕਾਰ) ਅਤੇ ਐੱਸਓਆਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਸਮੇਤ ਹੋਰਨਾਂ ਕਈ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਥਾਰਿਟੀ ਜਾਣ-ਬੁੱਝ ਕੇ ਸੈਨੇਟ ਨੂੰ ਬੋਰਡ ਆਫ਼ ਗਵਰਨੈਂਸ ਨਾਲ ਬਦਲਣ ਲਈ ਚੋਣਾਂ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਸਾਰਿਆਂ ਨੂੰ ਰਲ਼ ਕੇ ਯੂਨੀਵਰਸਿਟੀ ਦੇ ਕੇਂਦਰੀਕਰਨ ਅਤੇ ਨਿਗਮੀਕਰਨ ਵਿਰੁੱਧ ਡਟਣਾ ਚਾਹੀਦਾ ਹੈ।
‘ਸੱਥ’ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਸ਼ੁਰੂ
ਸੱਥ ਵੱਲੋਂ ਪੀਯੂ ਵਿੱਚ ਸੈਨੇਟ ਚੋਣਾਂ ਕਰਵਾਉਣ ਲਈ ਅੱਜ 21 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸੱਥ ਦੇ ਇਸ ਧਰਨੇ ਦੀ ਮੌਜੂਦਾ ਸੈਨੇਟਰ ਇੰਦਰਪਾਲ ਸਿੰਘ ਸਿੱਧੂ, ਰਵਿੰਦਰ ਸਿੰਘ ਧਾਲੀਵਾਲ (ਬਿੱਲਾ ਧਾਲੀਵਾਲ), ਸੰਦੀਪ ਸਿੰਘ ਸੀਕਰੀ ਅਤੇ ਅਕਾਲੀ ਦਲ ਤੋਂ ਜਗਦੀਪ ਸਿੰਘ ਮਲੋਆ ਨੇ ਹਾਜ਼ਰੀ ਭਰੀ ਅਤੇ ਧਰਨੇ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ।