ਸਫ਼ਾਈ ਸੇਵਕ ਯੂਨੀਅਨ ਵੱਲੋਂ ਮੁਜ਼ਾਹਰਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 11 ਅਕਤੂਬਰ
ਨਗਰ ਕੌਂਸਲ ਰਾਜਪੁਰਾ ਵਿੱਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਕੌਮੀ ਪ੍ਰਧਾਨ ਹੰਸਰਾਜ ਬਨਵਾੜੀ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਬੀਬੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਘੜੇ ਭੰਨ ਦੇ ਆਪਣਾ ਰੋਸ ਪ੍ਰਗਟ ਕੀਤਾ। ਮੁਜ਼ਾਹਰਾਕਾਰੀ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਮੰਗ ਕਰ ਰਹੇ ਸਨ। ਇਸ ਮੌਕੇ ਪ੍ਰਧਾਨ ਹੰਸ ਰਾਜ ਨੇ ਕਿਹਾ ਕਿ ਸੂਬਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਟਾਲਾ ਵੱਟ ਰਹੀ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ 66 ਮਹੀਨੇ ਦਾ ਰਹਿੰਦਾ ਬਕਾਇਆ ਜਾਰੀ ਕੀਤਾ ਜਾਵੇ, ਐੱਨਪੀਐੱਸ ਦਾ ਪੈਸਾ ਨਗਰ ਕੌਂਸਲ ਰਾਜਪੁਰਾ ਦੇ ਦਫ਼ਤਰ ਵਿੱਚ ਹੀ ਰੱਖਿਆ ਜਾਵੇ, ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਮੁਲਾਜ਼ਮਾਂ ਦਾ ਪਰਖ ਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਦਾ ਕੀਤਾ ਜਾਵੇ। ਇਸ ਮੌਕੇ ਰਾਜਿੰਦਰ ਕੁਮਾਰ, ਸੁਸ਼ੀਲ ਕੁਮਾਰ, ਸ਼ੁਭਮ ਕੁਮਾਰ, ਕੁਲਦੀਪ ਸਿੰਘ, ਰਾਜਨ, ਕ੍ਰਿਸ਼ਨਾ ਦੇਵੀ , ਜਸਵਿੰਦਰ, ਸੀਤਾ ਦੇਵੀ, ਪਿੰਕੀ ਰਾਣੀ ਅਤੇ ਭੋਲੀ ਦੇਵੀ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਸਨ।