ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫਾਜ਼ਿਲਕਾ ਵਿੱਚ ਪ੍ਰਦਰਸ਼ਨ
ਪਰਮਜੀਤ ਸਿੰਘ
ਫਾਜ਼ਿਲਕਾ, 29 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਮਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਪੰਜਾਬ ਵਾਸੀਆਂ ਲਈ ਨੌਕਰੀਆਂ ਵਿੱਚ 90 ਫੀਸਦੀ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਐਲਾਨ ਕੀਤਾ 6 ਨਵੰਬਰ ਨੂੰ ਗਿੱਦੜਬਾਹਾ ਵਿੱਚ ਸ਼ਾਮਲ ਹੋਣਗੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਮੁਹਾਰਖੀਵਾ ਅਤੇ ਆਦਿਤਿਆ ਫਾਜ਼ਿਲਕਾ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ ਜਿਸ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਪਰਵਾਸ ਕਰਨ ਲਈ ਮਜਬੂਰ ਹਨ। ਅੱਜ ਪੰਜਾਬ ਅੰਦਰ 70 ਫੀਸਦੀ ਨੌਜਵਾਨ ਬਾਹਰਲੇ ਰਾਜਾਂ ਤੋਂ ਨੌਕਰੀ ਲੈ ਜਾਂਦੇ ਹਨ ਤੇ ਪੰਜਾਬ ਦੇ ਨੌਜਵਾਨ ਬਿਨਾਂ ਨੌਕਰੀ ਤੋਂ ਹੀ ਰਹਿ ਜਾਂਦੇ ਹਨ। ਦੂਜੇ ਨਵੀਂ ਸਿੱਖਿਆ ਨੀਤੀ ਕਾਰਨ ਅੱਜ ਸਿੱਖਿਆ ਮਾਰਕੀਟ ਪ੍ਰੋਡਕਟ ਬਣ ਕੇ ਰਹਿ ਗਈ ਹੈ ਤੇ ਸਿੱਖਿਆ ਅਤੇ ਸਿੱਖਿਆ ਸੰਸਥਾਵਾਂ ਦਾ ਨਿੱਜੀਕਰਨ ਹੋ ਰਿਹਾ ਹੈ। ਨਵੀਂ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਨਾਲ ਉਚੇਰੀ ਸਿੱਖਿਆ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਤੇ ਸਕੂਲ ਕਾਲਜ ਅੱਜ ਬੰਦ ਹੋਣ ਕੰਢੇ ਹਨ। ਇਸ ਮੌਕੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਸਿੰਘ ਅਤੇ ਵਿਦਿਆਰਥੀ ਆਗੂ ਭੁਪਿੰਦਰ ਸਿੰਘ ਸੁਨੀਤਾ ਰਾਣੀ, ਮਨੀਸ਼ਾ ਰਾਣੀ, ਕਾਜਲ ਰਾਣੀ, ਸੰਜਣਾ ਰਾਣੀ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਤੇ ਜਸਵੀਰ ਸਿੰਘ ਹਾਜ਼ਰ ਸਨ।