For the best experience, open
https://m.punjabitribuneonline.com
on your mobile browser.
Advertisement

ਜਲ ਸਪਲਾਈ ਸਕੀਮਾਂ ’ਤੇ ਕੰਮ ਕਰ ਰਹੇ ਪੰਪ ਅਪਰੇਟਰਾਂ ਵੱਲੋਂ ਮੁਜ਼ਾਹਰਾ

07:12 AM Jul 02, 2024 IST
ਜਲ ਸਪਲਾਈ ਸਕੀਮਾਂ ’ਤੇ ਕੰਮ ਕਰ ਰਹੇ ਪੰਪ ਅਪਰੇਟਰਾਂ ਵੱਲੋਂ ਮੁਜ਼ਾਹਰਾ
ਜ਼ੀਰਾ ਵਿੱਚ ਰੋਸ ਜ਼ਾਹਰ ਕਰਦੇ ਹੋਏ ਪੰਪ ਅਪਰੇਟਰ। -ਫੋਟੋ: ਨੀਲੇਵਾਲਾ
Advertisement

ਪੱਤਰ ਪ੍ਰੇਰਕ
ਜ਼ੀਰਾ, 1 ਜੁਲਾਈ
ਪੇਂਡੂ ਖੇਤਰਾਂ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ’ਤੇ ਬਤੌਰ ਪੰਪ ਅਪਰੇਟਰ ਸੇਵਾਵਾਂ ਨਿਭਾਅ ਰਹੇ ਪੰਪ ਅਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਮੋਤੀ ਬਾਗ ਜ਼ੀਰਾ ਵਿੱਚ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪ ਅਪਰੇਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਸੂਬਾ ਜਨਰਲ ਸਕੱਤਰ ਬੋਹੜ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ, ਪਰ ਇਹ ਵਾਅਦਾ ਵਫ਼ਾ ਨਹੀਂ ਹੋ ਸਕਿਆ ਜਿਸ ਕਾਰਨ ਮਜਬੂਰ ਹੋ ਕੇ ਜਥੇਬੰਦੀ ਵੱਲੋਂ ਪਿੰਡ ਘਰਾਚੋਂ ਵਿੱਚ ਸੂਬਾ ਪੱਧਰੀ ਧਰਨਾ ਲਗਭਗ 9 ਮਹੀਨਿਆਂ ਤੋਂ ਜਾਰੀ ਹੈ। ਉਨ੍ਹਾਂ ਕਿਹਾ ਕਿ 5 ਜੁਲਾਈ ਨੂੰ ਜਲੰਧਰ ਜ਼ਿਮਨੀ ਚੋਣ ਹਲਕੇ ਵਿੱਚ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਪੈਟਰੋਲ ਦੀਆਂ ਬੋਤਲਾਂ ਨਾਲ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ ਕਿ ਉਹ ਸਰਕਾਰ ਦੇ ਝੂਠੇ ਲਾਰਿਆਂ ਵਿੱਚ ਨਾ ਆਉਣ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਵਾਟਰ ਸਪਲਾਈ ਪੰਪ ਅਪਰੇਟਰਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ ਅਤੇ ਪਰਿਵਾਰਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਸੂਬਾ ਖਜ਼ਾਨਚੀ, ਅਵਤਾਰ ਸਿੰਘ ਸੰਗਰੂਰ, ਮੇਹਰ ਸਿੰਘ ਪਟਿਆਲਾ, ਮਨਜੀਤ ਸਿੰਘ ਮੋਗਾ, ਗੁਰਮੇਜ ਸਿੰਘ ਫਿਰੋਜ਼ਪੁਰ, ਸੋਨੂੰ ਅੰਮ੍ਰਿਤਸਰ, ਸੁਰਿੰਦਰਪਾਲ ਸਿੰਘ ਤਰਨ ਤਾਰਨ, ਸੁਰਜੀਤ ਸਿੰਘ ਮਾਨਸਾ, ਹਰਵਿੰਦਰ ਰਿੰਕੂ ਨਵਾਂ ਸ਼ਹਿਰ, ਅਮਰਿੰਦਰ ਸ੍ਰੀ ਮੁਕਤਸਰ ਸਾਹਿਬ, ਕੁਲਵਿੰਦਰ ਸਿੰਘ, ਦਿਲਸ਼ਾਦ ਬਰਨਾਲਾ ਤੇ ਮਹਿੰਦਰ ਸਿੰਘ ਮਾਲੇਰਕੋਟਲਾ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×